ਅਰਵਿੰਦ ਲਵਲੀ ਬੋਲੇ- ਗੌਤਮ ਗੰਭੀਰ ਅਤੇ ਆਤਿਸ਼ੀ ਨੂੰ ''ਸਿਆਸਤ'' ਦੀ ਨਹੀਂ ਸਮਝ

Sunday, Apr 28, 2019 - 06:12 PM (IST)

ਅਰਵਿੰਦ ਲਵਲੀ ਬੋਲੇ- ਗੌਤਮ ਗੰਭੀਰ ਅਤੇ ਆਤਿਸ਼ੀ ਨੂੰ ''ਸਿਆਸਤ'' ਦੀ ਨਹੀਂ ਸਮਝ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਰਵਿੰਦ ਸਿੰਘ ਲਵਲੀ ਨੇ ਕਿਹਾ ਕਿ ਗੌਤਮ ਗੰਭੀਰ ਅਤੇ ਆਤਿਸ਼ੀ ਮਰਲੇਨਾ ਲੋਕ ਸਭਾ ਚੋਣਾਂ ਇਸ ਤਰ੍ਹਾਂ ਲੜ ਰਹੇ ਹਨ, ਜਿਵੇਂ ਇਹ ਇਕ 'ਸਿਆਸੀ ਪਿਕਨਿਕ' ਹੋਵੇ, ਦੋਹਾਂ ਨੂੰ ਸਿਆਸਤ ਬਾਰੇ ਕੋਈ ਸਮਝ ਨਹੀਂ ਹੈ। ਨਾ ਤਾਂ ਉਹ ਲੋਕਾਂ ਨਾਲ ਜੁੜੇ ਹਨ ਅਤੇ ਨਾ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਦੀ ਉਨ੍ਹਾਂ ਨੂੰ ਕੋਈ ਸਮਝ ਹੈ। ਇੱਥੇ ਦੱਸ ਦੇਈਏ ਕਿ ਪੂਰਬੀ ਦਿੱਲੀ ਲੋਕ ਸਭਾ ਖੇਤਰ ਤੋਂ ਭਾਜਪਾ ਨੇ ਕ੍ਰਿਕਟਰ ਤੋਂ ਰਾਜਨੇਤਾ ਬਣੇ ਗੌਤਮ ਗੰਭੀਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਉੱਥੇ ਹੀ ਆਮ ਆਦਮੀ ਪਾਰਟੀ (ਆਪ) ਨੇ ਆਤਿਸ਼ੀ ਮਰਲੇਨਾ ਨੂੰ ਟਿਕਟ ਦਿੱਤੀ ਹੈ। ਕਾਂਗਰਸ ਨੇ ਉਨ੍ਹਾਂ ਵਿਰੁੱਧ ਅਰਵਿੰਦ ਸਿੰਘ ਲਵਲੀ ਨੂੰ ਉਤਾਰ ਕੇ ਚੋਣਾਵੀ ਮੁਕਾਬਲੇ ਨੂੰ ਤ੍ਰਿਕੋਣਾ ਬਣਾ ਦਿੱਤਾ ਹੈ।

PunjabKesari

ਗੌਤਮ ਗੰਭੀਰ ਅਤੇ ਆਤਿਸ਼ੀ ਦੋਵੇਂ ਹੀ ਚੋਣਾਵੀ ਮਾਹੌਲ 'ਚ ਨਵੇਂ ਹਨ। ਗੌਤਮ ਨੇ ਜਿੱਥੇ ਇਸ ਮਹੀਨੇ ਦੀ ਭਾਜਪਾ ਦਾ ਲੜ ਫੜਿਆ ਹੈ, ਉੱਥੇ ਹੀ 'ਆਪ' ਪਾਰਟੀ ਦੀ ਆਤਿਸ਼ੀ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਮੈਂਬਰ ਹੈ। ਲਵਲੀ ਨੇ ਕਿਹਾ ਕਿ ਭਾਜਪਾ ਨੇ ਅਜਿਹੇ ਵਿਅਕਤੀ (ਗੌਤਮ ਗੰਭੀਰ) ਨੂੰ ਟਿਕਟ ਦਿੱਤੀ ਹੈ, ਜਿਸ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ। ਯਮੁਨਾਪਾਰ ਇਲਾਕੇ ਵਿਚ ਲੋਕਾਂ ਵਲੋਂ ਝੱਲੀਆਂ ਜਾ ਰਹੀਆਂ ਸਮੱਸਿਆਵਾਂ ਦੀ ਉਨ੍ਹਾਂ ਨੂੰ ਕੋਈ ਸਮਝ ਨਹੀਂ ਹੈ। ਦੱਸਣਯੋਗ ਹੈ ਕਿ ਦਿੱਲੀ ਵਿਚ ਲੋਕ ਸਭਾ ਦੀਆਂ 7 ਸੀਟਾਂ ਲਈ 6ਵੇਂ ਪੜਾਅ 'ਚ 12 ਮਈ ਨੂੰ ਵੋਟਾਂ ਪੈਣਗੀਆਂ। ਸ਼ੀਲਾ ਦੀਕਸ਼ਿਤ ਦੀ ਅਗਵਾਈ ਵਾਲੀ ਸਰਕਾਰ 'ਚ ਟਰਾਂਸਪੋਰਟ, ਸਿੱਖਿਆ ਅਤੇ ਸ਼ਹਿਰ ਵਿਕਾਸ ਵਰਗੇ ਅਹਿਮ ਮੰਤਰਾਲੇ ਸੰਭਾਲ ਚੁੱਕੇ ਲਵਲੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ ਕਿ ਗੌਤਮ ਗੰਭੀਰ ਨੇ ਦੇਸ਼ ਲਈ ਕ੍ਰਿਕਟ ਖੇਡਿਆ ਹੈ ਪਰ ਉਨ੍ਹਾਂ ਨੂੰ ਸਿਆਸਤ ਦੀ ਕੋਈ ਸਮਝ ਨਹੀਂ ਹੈ। ਦੂਜੇ ਪਾਸੇ 'ਆਪ' ਆਪਣੇ ਉਮੀਦਵਾਰ ਆਤਿਸ਼ੀ ਨੂੰ ਆਕਸਫੋਰਡ ਯੂਨੀਵਰਸਿਟੀ ਤੋਂ ਲੈ ਕੇ ਆਈ ਹੈ।


author

Tanu

Content Editor

Related News