ਓਡਿਸ਼ਾ ’ਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਸੰਭਵ

Thursday, Nov 03, 2022 - 11:55 AM (IST)

ਓਡਿਸ਼ਾ ’ਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਸੰਭਵ

ਨਵੀਂ ਦਿੱਲੀ– ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰ ਰਹੇ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵਿਧਾਨ ਸਭਾ ਚੋਣਾਂ ਨੂੰ ਲੋਕ ਸਭਾ ਚੋਣਾਂ ਤੋਂ ਵੱਖ ਕਰਵਾਉਣ ’ਤੇ ਵਿਚਾਰ ਕਰ ਰਹੇ ਹਨ। ਸਿੱਕਮ ਦੇ ਪਵਨ ਕੁਮਾਰ ਚਾਮਲਿੰਗ 24 ਸਾਲਾਂ ਤੱਕ ਮੁੱਖ ਮੰਤਰੀ ਰਹੇ ਸਨ ਅਤੇ ਪਟਨਾਇਕ 22 ਸਾਲਾਂ ਤੋਂ ਮੁੱਖ ਮੰਤਰੀ ਹਨ ਤੇ 2 ਸਾਲ ਹੋਰ ਮੁੱਖ ਮੰਤਰੀ ਰਹਿਣਗੇ ਪਰ 75 ਸਾਲਾ ਪਟਨਾਇਕ ਓਡਿਸ਼ਾ ’ਚ ਮਜ਼ਬੂਤ ਹੋ ਰਹੇ ਹਨ ਜਦਕਿ ਚਾਮਲਿੰਗ ਰਿਟਾਇਰ ਹੋ ਚੁੱਕੇ ਹਨ।
ਓਡਿਸ਼ਾ ਤੋਂ ਆਉਣ ਵਾਲੀਆਂ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਪਟਨਾਇਕ ਵਿਧਾਨ ਸਭਾ ਚੋਣਾਂ ਛੇਤੀ ਅਤੇ ਮਈ 2024 ’ਚ ਲੋਕ ਸਭਾ ਚੋਣਾਂ ਤੋਂ ਵੱਖ ਕਰਵਾਉਣ ’ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਉਹ ਸੂਬੇ ਦੇ ਨਿਰਵਿਵਾਦ ਨੇਤਾ ਬਣੇ ਹੋਏ ਹਨ ਪਰ ਭਾਜਪਾ ਤੇ ਕਾਂਗਰਸ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਬਣ ਕੇ ਉਭਰੀਆਂ ਹਨ।

2019 ’ਚ ਜਦ ਲੋਕ ਸਭਾ ਅਤੇ ਵਿਧਾਨ ਸਭਾ ਲਈ ਇਕੱਠੀਆਂ ਚੋਣਾਂ ਹੋਈਆਂ ਸਨ ਤਾਂ ਭਾਜਪਾ ਵੋਟ ਸ਼ੇਅਰ ਦੇ ਮਾਮਲੇ ’ਚ ਬੀਜੂ ਜਨਤਾ ਦਲ ਦੇ ਬਹੁਤ ਨੇੜੇ ਆ ਗਈ ਸੀ। ਭਾਜਪਾ ਨੇ 147 ਮੈਂਬਰੀ ਸਦਨ ’ਚ 32.49 ਫੀਸਦੀ ਵੋਟ ਹਾਸਲ ਕੀਤੀਆਂ ਅਤੇ 23 ਵਿਧਾਨ ਸਭਾ ਸੀਟਾਂ ਜਿੱਤੀਆਂ। ਬੀਜਦ ਨੂੰ 112 ਸੀਟਾਂ ਦੇ ਨਾਲ 44.71 ਫੀਸਦੀ ਵੋਟ ਮਿਲੀਆਂ ਪਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਰਣਨੀਤੀਕਾਰਾਂ ਨੂੰ ਝਟਕਾ ਦਿੱਤਾ।

ਬੀਜਦ ਨੇ ਲੋਕ ਸਭਾ ਦੀਆਂ 12 ਸੀਟਾਂ 42.80 ਫੀਸਦੀ ਵੋਟਾਂ ਨਾਲ ਹਾਸਲ ਕੀਤੀਆਂ ਜਦਕਿ ਭਾਜਪਾ ਦਾ ਵੋਟ ਸ਼ੇਅਰ 38.40 ਫੀਸਦੀ ਹੋ ਗਿਆ। ਓਡਿਸ਼ਾ ਦੇ ਵੋਟਰਾਂ ਨੇ ਵਿਧਾਨ ਸਭਾ ’ਚ ਵੋਟ ਸ਼ੇਅਰ ਦੀ ਤੁਲਨਾ ’ਚ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ 6 ਫੀਸਦੀ ਵੱਧ ਵੋਟਾਂ ਦਿੱਤੀਆਂ। ਪਟਨਾਇਕ ਨੇ ਹਮਲਾਵਰ ਭਾਜਪਾ ਦੇ ਖਤਰੇ ਨੂੰ ਭਾਂਪ ਲਿਆ ਹੈ ਅਤੇ ਲੋਕ ਸਭਾ ਚੋਣਾਂ ਤੋਂ ਵਿਧਾਨ ਸਭਾ ਚੋਣਾਂ ਨੂੰ ਵੱਖ ਕਰਨ ਦੇ ਚਾਹਵਾਨ ਹਨ। ਉਹ 2023 ’ਚ ਪਹਿਲਾਂ ਸੂਬਾ ਜਿੱਤਣਾ ਚਾਹੁੰਦੇ ਹਨ ਅਤੇ ਫਿਰ ਮਈ 2024 ’ਚ ਲੋਕ ਸਭਾ ਚੋਣਾਂ ਲਈ ਮੈਦਾਨ ’ਚ ਉਤਰਨਾ ਚਾਹੁੰਦੇ ਹਨ।


author

Rakesh

Content Editor

Related News