ਜ਼ਿਮਨੀ ਚੋਣਾਂ : ਭਾਜਪਾ ਨੇ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਚੋਂ 4 ਜਿੱਤੀਆਂ
Monday, Nov 07, 2022 - 10:04 AM (IST)

ਨਵੀਂ ਦਿੱਲੀ (ਭਾਸ਼ਾ)- 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਉਪ ਚੋਣਾਂ ਦੇ ਐਤਵਾਰ ਆਏ ਨਤੀਜਿਆਂ ਮੁਤਾਬਕ ਭਾਜਪਾ ਨੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਕੁਲ 4 ਸੀਟਾਂ ’ਤੇ ਜਿੱਤ ਹਾਸਲ ਕੀਤੀ, ਜਦਕਿ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇ ਮੋਕਾਮਾ ਸੀਟ ’ਤੇ ਆਪਣੀ ਪਕੜ ਬਰਕਰਾਰ ਰੱਖੀ ਹੈ। ਮੁੰਬਈ ਦੀ ਅੰਧੇਰੀ (ਪੂਰਬੀ) ਵਿਧਾਨ ਸਭਾ ਸੀਟ ’ਤੇ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੀ ਉਮੀਦਵਾਰ ਰਿਤੁਜਾ ਲਟਕੇ ਜੇਤੂ ਕਰਾਰ ਦਿੱਤੀ ਗਈ ਹੈ। ਤੇਲੰਗਾਨਾ ਦੀ ਮੁਨੁਗੋਡੇ ਸੀਟ ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ.) ਨੇ ਜਿੱਤੀ ਹੈ। ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਭਾਜਪਾ ਨੇ ਜਿੱਤ ਲਈ ਹੈ। ਪਾਰਟੀ ਦੇ ਉਮੀਦਵਾਰ ਭਵਯ ਬਿਸ਼ਨੋਈ ਨੇ ਆਪਣੇ ਨੇੜਲੇ ਕਾਂਗਰਸੀ ਵਿਰੋਧੀ ਜੈ ਪ੍ਰਕਾਸ਼ ਨੂੰ ਕਰੀਬ 16,000 ਵੋਟਾਂ ਦੇ ਫਰਕ ਨਾਲ ਹਰਾਇਆ।
ਇਸ ਜਿੱਤ ਨਾਲ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪਰਿਵਾਰ ਨੇ ਇਸ ਵਿਧਾਨ ਸਭਾ ਹਲਕੇ ਵਿੱਚ ਆਪਣੀ ਪਕੜ ਬਰਕਰਾਰ ਰੱਖੀ ਹੈ। ਭਵਯ ਭਜਨ ਲਾਲ ਦਾ ਪੋਤਾ ਹੈ। ਆਦਮਪੁਰ ਸੀਟ ’ਤੇ 1968 ਤੋਂ ਭਜਨ ਲਾਲ ਦੇ ਪਰਿਵਾਰ ਦਾ ਕਬਜ਼ਾ ਹੈ। ਮਰਹੂਮ ਸਾਬਕਾ ਮੁੱਖ ਮੰਤਰੀ ਭਜਨ ਲਾਲ 9 ਵਾਰ ਆਦਮਪੁਰ ਸੀਟ ਤੋਂ ਵਿਧਾਇਕ ਰਹੇ। ਉਨ੍ਹਾਂ ਦੀ ਪਤਨੀ ਜਸਮਾ ਦੇਵੀ ਇਕ ਵਾਰ ਅਤੇ ਉਨ੍ਹਾਂ ਦਾ ਪੁੱਤਰ ਕੁਲਦੀਪ 4 ਵਾਰ ਵਿਧਾਇਕ ਰਹੇ। ਭਜਨ ਲਾਲ ਦੇ ਛੋਟੇ ਬੇਟੇ ਕੁਲਦੀਪ ਬਿਸ਼ਨੋਈ ਵਲੋਂ ਕਾਂਗਰਸ ਤੋਂ ਅਸਤੀਫਾ ਦੇਣ ਅਤੇ ਭਾਜਪਾ ’ਚ ਸ਼ਾਮਲ ਹੋਣ ਕਾਰਨ ਆਦਮਪੁਰ ਸੀਟ ’ਤੇ ਉਪ ਚੋਣ ਜ਼ਰੂਰੀ ਹੋ ਗਈ ਸੀ। ਓਡੀਸ਼ਾ ਦੇ ਧਾਮਨਗਰ ਵਿੱਚ ਭਾਜਪਾ ਉਮੀਦਵਾਰ ਸੂਰਜਵੰਸ਼ੀ ਨੇ ਅੰਬਾਤੀ ਦਾਸ ਨੂੰ 9,000 ਤੋਂ ਵੱਧ ਵੋਟਾਂ ਨਾਲ ਹਰਾ ਕੇ ਸੀਟ ਜਿੱਤ ਲਈ। ਇਹ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਪਾਰਟੀ ਬੀ. ਜੇ. ਡੀ. ਲਈ ਝਟਕਾ ਹੈ । ਉੱਤਰ ਪ੍ਰਦੇਸ਼ ਵਿੱਚ ਗੋਲਾ ਗੋਕਰਨਾਥ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਮਨ ਗਿਰੀ ਨੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਮੁੜ ਜਿੱਤ ਹਾਸਲ ਕੀਤੀ। ਬਿਹਾਰ ਵਿਚ ਮੋਕਾਮਾ ਸੀਟ ਰਾਸ਼ਟਰੀ ਜਨਤਾ ਦਲ ਦੀ ਉਮੀਦਵਾਰ ਨੀਲਮ ਦੇਵੀ ਨੇ ਜਿੱਤੀ ਅਤੇ ਗੋਪਾਲਗੰਜ ਵਿਧਾਨ ਸਭਾ ਸੀਟ ਭਾਜਪਾ ਦੀ ਕੁਸੁਮ ਦੇਵੀ ਨੇ ਜਿੱਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ