ਆਸਾਮ ''ਚ NRC ਵਿਰੁੱਧ ਮਮਤਾ ਨੇ ਕੱਢਿਆ ਵਿਰੋਧ ਮਾਰਚ

Thursday, Sep 12, 2019 - 05:31 PM (IST)

ਆਸਾਮ ''ਚ NRC ਵਿਰੁੱਧ ਮਮਤਾ ਨੇ ਕੱਢਿਆ ਵਿਰੋਧ ਮਾਰਚ

ਕੋਲਕਾਤਾ— ਲਗਭਗ ਹਰ ਮੋਰਚੇ 'ਤੇ ਕੇਂਦਰ ਸਰਕਾਰ ਵਿਰੁੱਧ ਰੁਖ ਰੱਖਣ ਵਾਲੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐੱਨ.ਆਰ.ਸੀ. ਦੇ ਮੁੱਦੇ 'ਤੇ ਸਰਕਾਰ ਨੂੰ ਸਾਫ਼ ਸ਼ਬਦਾਂ 'ਚ ਚਿਤਾਵਨੀ ਦਿੱਤੀ ਹੈ। ਮਮਤਾ ਬੈਨਰਜੀ ਨੇ ਕਿਹਾ,''ਬੰਗਾਲ 'ਚ ਅਜਿਹਾ ਨਹੀਂ ਕਰ ਸਕੋਗੇ।'' ਬੈਨਰਜੀ ਨੇ ਆਸਾਮ 'ਚ ਜਾਰੀ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) ਵਿਰੁੱਧ ਵਿਰੋਧ ਮਾਰਚ ਕੱਢਿਆ। ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਸੈਂਕੜੇ ਵਰਕਰਾਂ ਨਾਲ ਮਮਤਾ ਨੇ ਸੜਕ 'ਤੇ ਨਿਕਲ ਕੇ ਵਿਰੋਧ ਮਾਰਚ ਦੀ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਆਸਾਮ ਦੇ ਲੋਕਾਂ ਦੀ ਆਵਾਜ਼ ਬੰਦ ਕੀਤੀ ਗਈ ਹੈ, ਅਜਿਹਾ ਬੰਗਾਲ 'ਚ ਨਹੀਂ ਹੋਵੇਗਾ। ਮਮਤਾ ਨੇ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,''ਤੁਸੀਂ ਜਿਸ ਤਰ੍ਹਾਂ ਆਸਾਮ 'ਚ ਆਪਣੀ ਪੁਲਸ ਦ ੀਵਰਤੋਂ ਕਰ ਕੇ ਲੋਕਾਂ ਦੀ ਆਵਾਜ਼ ਦਬਾਈ, ਅਜਿਹਾ ਇੱਥੇ ਬੰਗਾਲ 'ਚ ਨਹੀਂ ਕਰ ਸਕੋਗੇ। ਅਚਾਨਕ ਤੁਸੀਂ ਸਾਨੂੰ (ਤ੍ਰਿਣਮੂਲ ਕਾਂਗਰਸ) ਧਰਮ 'ਤੇ ਗਿਆਨ ਦੇ ਰਹੇ ਹੋ, ਜਿਵੇਂ ਅਸੀਂ ਈਦ, ਦੁਰਗਾ ਪੂਜਾ, ਮੁਹਰਰਮ ਅਤੇ ਛਠ ਪੂਜਾ ਮਨਾਉਂਦੇ ਹੀ ਨਹੀਂ ਹਾਂ।

ਦੱਸਣਯੋਗ ਹੈ ਕਿ ਆਸਾਮ ਦੀ ਬਹੁਚਰਚਿਤ ਐੱਨ.ਆਰ.ਸੀ. ਦੀ ਅੰਤਿਮ ਸੂਚੀ 31 ਅਗਸਤ ਨੂੰ ਜਾਰੀ ਹੋਈ ਸੀ। ਇਸ ਲਿਸਟ 'ਚ 19 ਲੱਖ ਲੋਕ ਆਪਣੀ ਜਗ੍ਹਾ ਨਹੀਂ ਬਣਾ ਸਕੇ ਹਨ। ਐੱਨ.ਆਰ.ਸੀ. ਦੇ ਸਟੇਟ ਕੋਆਰਡੀਨੇਟਰ ਪ੍ਰਤੀਕ ਹਜਾਰੀਕਾ ਨੇ ਦੱਸਿਆ ਕਿ ਕੁੱਲ 3,11,21,004 ਲੋਕ ਇਸ ਲਿਸਟ 'ਚ ਜਗ੍ਹਾ ਬਣਾਉਣ 'ਚ ਸਫ਼ਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਐੱਨ.ਆਰ.ਸੀ. ਦੀ ਅੰਤਿਮ ਲਿਸਟ 'ਚੋਂ 19,06,657 ਲੋਕ ਬਾਹਰ ਹੋ ਗਏ ਹਨ। ਦਰਅਸਲ ਜਦੋਂ ਮਸੌਦਾ ਐੱਨ.ਆਰ.ਸੀ. ਪ੍ਰਕਾਸ਼ਿਤ ਹੋਇਆ ਸੀ, ਉਦੋਂ 40.7 ਲੱਖ  ਲੋਕਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਸੀ, ਜਿਸ 'ਤੇ ਕਾਫ਼ੀ ਵਿਵਾਦ ਹੋਇਆ ਸੀ। ਹਾਲਾਂਕਿ ਕਈ ਚਰਚਾਵਾਂ ਦਰਮਿਆਨ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫ਼ਤੇ ਹੀ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਦੇ ਨਾਂ ਅੰਤਿਮ ਸੂਚੀ 'ਚ ਨਹੀਂ ਹੈ, ਉਨ੍ਹਾਂ ਨੂੰ ਹਿਰਾਸਤ 'ਚ ਨਹੀਂ ਲਿਆ ਜਾਵੇਗਾ ਅਤੇ ਉਨ੍ਹਾਂ ਕੋਲ ਕਾਨੂੰਨ ਦੇ ਅਧੀਨ ਉਪਲੱਬਧ ਸਾਰੇ ਉਪਾਵਾਂ ਦੇ ਖਤਮ ਹੋਣ ਤੱਕ ਪਹਿਲਾਂ ਦੀ ਤਰ੍ਹਾਂ ਸਾਰੇ ਅਧਿਕਾਰ ਰਹਿਣਗੇ।


author

DIsha

Content Editor

Related News