ਆਸਾਮ : ਕਾਜ਼ੀਰੰਗਾ ਨੈਸ਼ਨਲ ਪਾਰਕ ''ਚ ਦਿੱਸਿਆ ਦੇਸ਼ ਦਾ ਇਕਲੌਤਾ ''ਗੋਲਡਨ ਟਾਈਗਰ''
Monday, Jul 13, 2020 - 01:19 PM (IST)
ਨੈਸ਼ਨਲ ਡੈਸਕ- ਆਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ 'ਚ ਦੇਸ਼ ਦਾ ਪਹਿਲਾ ਅਤੇ ਇਕਲੌਤਾ ਗੋਲਡਨ ਟਾਈਗਰ ਦੇਖਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਦੀ ਫੋਟੋ ਵੀ ਕਾਫ਼ੀ ਸ਼ੇਅਰ ਕੀਤੀ ਜਾ ਰਹੀ ਹੈ। ਇਸ ਗੋਲਡਨ ਟਾਈਗਰ ਦੀ ਫੋਟੋ ਇਕ ਫੋਟੋਗ੍ਰਾਫ਼ਰ ਨੇ ਵਾਈਲਡਲਾਈਫ ਫੋਟੋਗ੍ਰਾਫੀ ਦੌਰਾਨ ਲਈ। ਲੋਕ ਇਸ ਨੂੰ ਟੈਬੀ ਅਤੇ ਸਟ੍ਰਾਬੇਰੀ ਟਾਈਗਰ ਦੇ ਨਾਂ ਨਾਲ ਬੁਲਾ ਰਹੇ ਹਨ। ਇਸ ਟਾਈਗਰ ਦਾ ਰੰਗ ਸੋਨੇ ਵਰਗਾ ਹੈ ਅਤੇ ਇਸ ਦੇ ਸਰੀਰ 'ਤੇ ਲਾਲ ਅਤੇ ਭੂਰੇ ਰੰਗ ਦੀਆਂ ਪੱਟੀਆਂ ਹਨ। ਆਪਣੇ ਯੂਨਿਕ ਰੰਗ ਕਾਰਨ ਹੀ ਇਹ ਕਾਫ਼ੀ ਚਰਚਾ 'ਚ ਹੈ।
IFC ਅਫ਼ਸਰ ਪਰਵੀਨ ਕਾਸਵਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੁਰਲੱਭ ਟਾਈਗਰ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਫੋਟੋ ਨਾਲ ਉਨ੍ਹਾਂ ਨੇ ਫੋਟੋਗ੍ਰਾਫ਼ਰ ਮਯੁਰੇਸ਼ ਹੇਂਦਰੇ ਨੂੰ ਵਧਾਈ ਦਿੱਤੀ, ਕਿਉਂਕਿ ਮਯੁਰੇਸ਼ ਨੇ ਹੀ ਇਸ ਟਾਈਗਰ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਸੀ। ਪਰਵੀਨ ਕਾਸਵਾਂ ਨੇ ਟਵੀਟ ਕੀਤਾ ਕਿ ਹੋ ਸਕਦਾ ਹੈ ਕਿ ਜੀਂਦ 'ਚ ਆਈ ਤਬਦੀਲੀ ਕਾਰਨ ਇਸ ਦਾ ਰੰਗ ਅਜਿਹਾ ਹੋਵੇ ਪਰ ਇਹ ਬਿਹਤਰੀਨ ਅਤੇ ਦੁਰਲੱਭ ਵੀ ਹੈ।