ਆਸਾਮ ''ਚ ਸਰਕਾਰੀ ਨੌਕਰੀ ਨੂੰ ਲੈ ਕੇ ਭਾਜਪਾ ਸਰਕਾਰ ਦਾ ਵੱਡਾ ਫੈਸਲਾ

10/22/2019 1:32:52 PM

ਗੁਹਾਟੀ— ਜਨਸੰਖਿਆ ਕੰਟਰੋਲ ਦੀ ਦਿਸ਼ਾ 'ਚ ਆਸਾਮ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਆਸਾਮ ਦੀ ਸਰਬਾਨੰਦ ਸੋਨੋਵਾਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਕ ਜਨਵਰੀ 2021 ਤੋਂ ਉਨ੍ਹਾਂ ਵਿਅਕਤੀਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ, ਜਿਨ੍ਹਾਂ ਦੇ 2 ਤੋਂ ਵਧ ਬੱਚੇ ਹਨ। ਸੋਮਵਾਰ ਨੂੰ ਆਸਾਮ ਕੈਬਨਿਟ ਦੀ ਇਕ ਅਹਿਮ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੇ ਜਨਸੰਪਰਕ ਵਿਭਾਗ ਤੋਂ ਜਾਰੀ ਇਕ ਬਿਆਨ ਅਨੁਸਾਰ ਅਜਿਹੇ ਲੋਕ ਜਿਨ੍ਹਾਂ ਦੇ 2 ਤੋਂ ਵਧ ਬੱਚੇ ਹਨ, ਇਕ ਜਨਵਰੀ 2021 ਦੇ ਬਾਅਦ ਤੋਂ ਉਹ ਸਰਕਾਰੀ ਨੌਕਰੀ ਦੇ ਯੋਗ ਨਹੀਂ ਸਮਝੇ ਜਾਣਗੇ। ਸਤੰਬਰ 2017 'ਚ ਆਸਾਮ ਵਿਭਾਗ ਨੇ ਜਨਸੰਖਿਆ ਅਤੇ ਮਹਿਲਾ ਮਜ਼ਬੂਤੀਕਰਨ ਨੀਤੀ ਨੂੰ ਪਾਸ ਕੀਤਾ ਸੀ। ਇਸ ਨੀਤੀ ਦੇ ਅਧੀਨ ਸਰਕਾਰੀ ਨੌਕਰੀ ਦੇ ਉਹ ਉਮੀਦਵਾਰ ਜਿਨ੍ਹਾਂ ਦੇ 2 ਬੱਚੇ ਹਨ, ਉਹ ਹੀ ਨੌਕਰੀ ਲਈ ਯੋਗ ਹੋਣਗ।

ਕੈਬਨਿਟ ਮੀਟਿੰਗ 'ਚ ਨਵੀਂ ਲੈਂਡ ਪਾਲਿਸੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ। ਇਸ ਨੀਤੀ ਦੇ ਅਧੀਨ ਉਂਝ ਲੋਕ ਜੋ ਆਸਾਮ ਦੇ ਮੂਲ ਵਾਸੀ ਹਨ ਪਰ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ, ਉਨ੍ਹਾਂ ਨੂੰ ਸਰਕਾਰ ਵਲੋਂ ਤਿੰਨ ਵੀਘਾ ਜ਼ਮੀਨ ਜਾਵੇਗੀ। ਇਸ ਤੋਂ ਇਲਾਵਾ ਘਰ ਬਣਾਉਣ ਲਈ ਵੀ ਸਰਕਾਰ ਅੱਧਾ ਵੀਘਾ ਜ਼ਮੀਨ ਦੇਵੇਗੀ। ਸਰਕਾਰੀ ਆਦੇਸ਼ ਅਨੁਸਾਰ ਇਸ ਸਕੀਮ ਦਾ ਫਾਇਦਾ ਚੁੱਕਣ ਵਾਲਾ ਸ਼ਖਸ ਅਗਲੇ 15 ਸਾਲਾਂ ਤੱਕ ਇਸ ਜ਼ਮੀਨ ਨੂੰ ਨਹੀਂ ਵੇਚ ਸਕਣਗੇ। ਕੈਬਨਿਟ ਦੀ ਇਸ ਬੈਠਕ 'ਚ ਬੱਸਾਂ ਦਾ ਕਿਰਾਇਆ ਵੀ 25 ਫੀਸਦੀ ਵਧਾਉਣ ਦਾ ਐਲਾਨ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਸੰਖਿਆ ਵੱਲ ਲੋਕਾਂ ਦਾ ਧਿਆਨ ਖਿੱਚਿਆ ਸੀ। ਵਧਦੀ ਜਨਸੰਖਿਆ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਾਨੂੰ ਆਉਣ ਵਾਲੀ ਪੀੜ੍ਹੀ ਲਈ ਸੋਚਣਾ ਹੋਵੇਗਾ। ਮੋਦੀ ਨੇ ਕਿਹਾ ਸੀ ਕਿ ਸੀਮਿਤ ਪਰਿਵਾਰ ਨਾਲ ਪਰਿਵਾਰ ਦੇ ਨਾਲ ਦੇਸ਼ ਦਾ ਵੀ ਭਲਾ ਹੋਵੇਗਾ। ਉਨ੍ਹਾਂ ਨੇ ਛੋਟੇ ਪਰਿਵਾਰ ਦੀ ਪੈਰਵੀ ਕਰਦੇ ਹੋਏ ਕਿਹਾ ਸੀ ਕਿ ਛੋਟਾ ਪਰਿਵਾਰ ਰੱਖਣਾ ਵੀ ਇਕ ਤਰ੍ਹਾਂ ਨਾਲ ਦੇਸ਼ਭਗਤੀ ਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਦਾ ਪਰਿਵਾਰ ਛੋਟਾ ਹੈ, ਉਹ ਵੀ ਦੇਸ਼ ਦੇ ਵਿਕਾਸ 'ਚ ਯੋਗਦਾਨ ਦੇ ਰਿਹਾ ਹੈ ਅਤੇ ਅਜਿਹੇ ਲੋਕਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ।


DIsha

Content Editor

Related News