ਆਸਾਮ ''ਚ ਬੰਗਲਾਦੇਸ਼ ਸਰਹੱਦ ਤੋਂ ਇਸ ਸਾਲ ਘੁਸਪੈਠ ਦੀ ਕੋਈ ਘਟਨਾ ਨਹੀਂ ਹੋਈ : ਸਰਕਾਰ
Wednesday, Jul 24, 2019 - 05:28 PM (IST)

ਨਵੀਂ ਦਿੱਲੀ— ਸਰਕਾਰ ਨੇ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਘਟਨਾਵਾਂ 'ਚ ਤੇਜ਼ੀ ਨਾਲ ਗਿਰਾਵਟ ਆਉਣ ਦਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਆਸਾਮ 'ਚ ਬੰਗਲਾਦੇਸ਼ ਦੀ ਸਰਹੱਦ ਤੋਂ ਹੁਣ ਤੱਕ ਘੁਸਪੈਠ ਦੀ ਕੋਈ ਘਟਨਾ ਦਰਜ ਨਹੀਂ ਕੀਤੀ ਗਈ ਹੈ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਸਰਹੱਦ 'ਤੇ ਘੁਸਪੈਠ ਰੋਕਣ ਲਈ ਕੀਤੇ ਜਾ ਰਹੇ ਉਪਾਅ ਨਾਲ ਜੁੜੇ ਇਕ ਸਵਾਲ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ। ਰਾਏ ਨੇ ਦੱਸਿਆ,''2019 'ਚ ਘੁਸਪੈਠ ਦੀ ਸਿਰਫ ਇਕ ਘਟਨਾ ਹੋਣ ਦੀ ਸੂਚਨਾ ਹੈ ਅਤੇ ਇਹ ਘੁਸਪੈਠ ਭਾਰਤ-ਪਾਕਿਸਤਾਨ ਸਰਹੱਦ ਤੋਂ ਹੋਈ ਹੈ। ਆਸਾਮ ਦੀ ਸਰਹੱਦ ਬੰਗਲਾਦੇਸ਼ ਨਾਲ ਲੱਗਦੀ ਹੈ, ਇਸ ਲਈ ਉੱਥੋਂ ਘੁਸਪੈਠ ਦੀ ਇਕ ਵੀ ਸੂਚਨਾ ਨਹੀਂ ਹੈ।''
ਸਰਹੱਦ 'ਤੇ ਤਾਰਬੰਦੀ ਨਾਲ ਜੁੜੇ ਪ੍ਰਸ਼ਨ ਦੇ ਜਵਾਬ 'ਚ ਰਾਏ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀ ਸਰਹੱਦ 'ਤੇ ਬਾੜ ਲਗਾਉਣ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਚੀਨ, ਨੇਪਾਲ, ਭੂਟਾਨ ਅਤੇ ਮਿਆਂਮਾਰ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਬਾੜ ਲਗਾਉਣ ਦਾ ਫਿਲਹਾਲ ਕੋਈ ਪ੍ਰਸਤਾਵ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਬੰਗਲਾਦੇਸ਼ ਸਰਹੱਦ 'ਤੇ ਸਿਰਫ 353 ਕਿਲੋਮੀਟਰ ਖੇਤਰ 'ਤੇ ਬਾੜ ਲਗਾਉਣ ਦਾ ਕੰਮ ਸ਼ੁਰੂ ਹੋਣਾ ਬਾਕੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਇਲਾਕੇ 'ਚ ਬਾੜ ਹਾਲੇ ਤੱਕ ਨਹੀਂ ਲਗਾਈ ਜਾ ਸਕੀ ਹੈ, ਉਹ ਦਲਦਲੀ ਇਲਾਕਾ ਹੈ, ਇਸ ਲਈ ਇਸ ਖੇਤਰ 'ਚ ਘੁਸਪੈਠ ਰੋਕਣ ਅਤੇ ਨਿਗਰਾਨੀ ਲਈ ਤੇਜ਼ ਰੋਸ਼ਨੀ ਵਾਲੀਆਂ ਲਾਈਟਾਂ ਅਤੇ ਹੋਰ ਆਧੁਨਿਕ ਤਕਨੀਕ ਦੀ ਮਦਦ ਲਈ ਜਾ ਰਹੀ ਹੈ।