ਆਸਾਮ ’ਚ 8 ਆਦਿਵਾਸੀ ਸੰਗਠਨਾਂ ਦੇ 1100 ਮੈਂਬਰਾਂ ਨੇ ਹਥਿਆਰ ਛੱਡੇ
Friday, Jul 07, 2023 - 03:26 PM (IST)
ਗੁਹਾਟੀ, (ਭਾਸ਼ਾ)– ਕੇਂਦਰ ਅਤੇ ਆਸਾਮ ਸਰਕਾਰ ਨਾਲ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਕਰਨ ਵਾਲੇ 8 ਆਦਿਵਾਸੀ ਬਾਗੀ ਸੰਗਠਨਾਂ ਦੇ ਕੁੱਲ 1100 ਮੈਂਬਰਾਂ ਨੇ ਵੀਰਵਾਰ ਨੂੰ ਮੁੱਖ ਮੰਤਰੀ ਹੇਮੰਤ ਬਿਸਵ ਸਰਮਾ ਨੂੰ ਆਪਣੇ ਹਥਿਆਰ ਸੌਂਪ ਦਿੱਤੇ। ਹਰੇਕ ਸੰਗਠਨ ਦੇ ਪ੍ਰਤੀਨਿਧੀਆਂ ਨੇ ਇਥੇ ਇਕ ਸਮਾਰੋਹ ’ਚ ਆਪਣੇ ਹਥਿਆਰ ਸੌਂਪੇ। ਇਨ੍ਹਾਂ ਸੌਂਪੇ ਗਏ 300 ਤੋਂ ਵੱਧ ਹਥਿਆਰਾਂ ’ਚ ਏ.ਕੇ. ਸੀਰੀਜ਼ ਦੀ ਰਾਈਫਲ, ਲਾਈਟ ਮਸ਼ੀਨਗਨ ਅਤੇ ਹੋਰ ਹਥਿਆਰ ਸ਼ਾਮਲ ਹਨ ਸਮਾਰੋਹ ਸਥਾਨ ’ਤੇ 200 ਤੋਂ ਵੱਧ ਹਥਿਆਰ ਪ੍ਰਦਰਸ਼ਿਤ ਕੀਤੇ ਗਏ।
ਇਸ ਮੌਕੇ ਆਦਿਵਾਸੀ ਕਲਿਆਣ ਅਤੇ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਵੀ ਸਹੁੰ ਚੁੱਕੀ। ਕੇਂਦਰ ਅਤੇ ਆਸਾਮ ਸਰਕਾਰ ਨਾਲ ਹੋਏ ਸ਼ਾਂਤੀ ਸਮਝੌਤੇ ਦੇ ਤਹਿਤ ਹੀ ਪਿਛਲੇ ਸਾਲ ਸਤੰਬਰ ’ਚ ਇਸ ਪ੍ਰੀਸ਼ਦ ਦਾ ਗਠਨ ਕੀਤਾ ਗਿਆ ਸੀ ਤਾਂ ਕਿ 2016 ਤੋਂ ਕੈਂਪਾਂ ’ਚ ਰਹਿ ਰਹੇ ਆਦਿਵਾਸੀ ਸੰਗਠਨਾਂ ਦੇ ਮੈਂਬਰਾਂ ਦਾ ਮੁੜ-ਵਸੇਬਾ ਯਕੀਨੀ ਬਣਾਇਆ ਜਾ ਸਕੇ।