ਟਰੇਨ ਹਾਦਸਿਆਂ 'ਚ ਆਈ 90 ਫ਼ੀਸਦੀ ਦੀ ਕਮੀ: ਰੇਲ ਮੰਤਰੀ
Tuesday, Mar 18, 2025 - 11:47 AM (IST)

ਨਵੀਂ ਦਿੱਲੀ- ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਸੋਮਵਾਰ ਨੂੰ ਰਾਜ ਸਭਾ ਵਿਚ ਕਿਹਾ ਕਿ 2005-06 'ਚ ਟਰੇਨ ਹਾਦਸਿਆਂ ਦੀ ਗਿਣਤੀ 698 ਸੀ, ਜੋ ਹੁਣ ਘੱਟ ਕੇ 73 ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦਿੱਤੇ ਜਾਣ ਨਾਲ ਰੇਲ ਹਾਦਸਿਆਂ ਵਿਚ 90 ਫ਼ੀਸਦੀ ਦੀ ਕਮੀ ਆਈ ਹੈ। ਰੇਲ ਮੰਤਰਾਲਾ ਦੇ ਕੰਮਕਾਜ 'ਤੇ ਰਾਜ ਸਭਾ ਵਿਚ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਵੈਸ਼ਣਵ ਨੇ ਕਿਹਾ ਕਿ 2005-06 ਵਿਚ ਜਦੋਂ ਲਾਲੂ ਪ੍ਰਸਾਦ ਰੇਲ ਮੰਤਰੀ ਸਨ, ਉਸ ਦੌਰਾਨ ਕੁਲ 698 ਮਾਮਲੇ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ ਇਸ ਦਾ ਔਸਤ ਪ੍ਰਤੀਦਿਨ ਦੋ ਬਣਦਾ ਹੈ।
ਰੇਲ ਮੰਤਰੀ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਕਾਰਜਕਾਲ ਵਿਚ ਔਸਤਨ ਇਕ ਦੀ ਦਰ ਨਾਲ 395 ਮਾਮਲੇ ਸਾਹਮਣੇ ਆਏ। ਵੈਸ਼ਣਵ ਨੇ ਕਿਹਾ ਕਿ ਜਦੋਂ 2014 ਵਿਚ ਨਰਿੰਦਰ ਮੋਦੀ ਸਰਕਾਰ ਸੱਤਾ ਵਿਚ ਆਈ, ਤਾਂ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਸੁਰੱਖਿਆ ਦੀ ਨਿਯਮਿਤ ਸਮੀਖਿਆ ਕੀਤੀ ਜਾਂਦੀ ਹੈ, ਜਿਸ ਵਿਚ ਮੂਲ ਕਾਰਨ ਵਿਸ਼ਲੇਸ਼ਣ 'ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੇ ਰੱਖ-ਰਖਾਅ ਪ੍ਰਕਿਰਿਆ ਵਿਚ ਨਵੀਂ ਤਕਨੀਕ ਅਤੇ ਯੰਤਰਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹਾਦਸਿਆਂ ਦੀ ਕੁੱਲ ਗਿਣਤੀ ਜੋ ਪਹਿਲਾਂ ਕਰੀਬ 700 ਸੀ, ਹੁਣ ਘੱਟ ਕੇ 80 ਤੋਂ ਘੱਟ ਹੋ ਗਈ, ਜੋ ਕਿ 90 ਫ਼ੀਸਦੀ ਦੀ ਕਮੀ ਨੂੰ ਦਰਸਾਉਂਦਾ ਹੈ।