SIP ’ਚ ਦਿਸ ਰਹੀ ਮਜ਼ਬੂਤੀ! ਫੰਡਾਂ ਦੀ ਖਰੀਦ ਨਾਲ ਬਾਜ਼ਾਰ ’ਚ ਪਰਤੀ ਰੌਣਕ
Sunday, May 04, 2025 - 10:50 AM (IST)

ਮੁੰਬਈ (ਏਜੰਸੀਆਂ) - ਜੇ ਸ਼ੇਅਰ ਬਾਜ਼ਾਰ ’ਚ ਫੰਡ ਮੈਨੇਜਰਾਂ ਦੀ ਤੇਜ਼ ਖਰੀਦ ਦੇ ਅੰਕੜੇ ਕੁਝ ਸੰਕੇਤ ਦਿੰਦੇ ਹਨ ਤਾਂ ਲਗਾਤਾਰ 3 ਮਹੀਨਿਆਂ ਤੱਕ ਗਿਰਾਵਟ ਤੋਂ ਬਾਅਦ ਅਪ੍ਰੈਲ ’ਚ ਇਕੁਇਟੀ ਫੰਡਾਂ ’ਚ ਨਿਵੇਸ਼ ਸੁਧਰਿਆ ਲੱਗਦਾ ਹੈ। ਅਪ੍ਰੈਲ ’ਚ ਫੰਡਾਂ ਦੀ ਕੁੱਲ ਇਕੁਇਟੀ ਖਰੀਦ 16,050 ਕਰੋੜ ਰੁਪਏ ’ਤੇ ਪਹੁੰਚ ਗਈ ਜੋ ਮਾਰਚ ਦੇ 12,141 ਕਰੋੜ ਰੁਪਏ ਤੋਂ ਕਾਫੀ ਜ਼ਿਆਦਾ ਹੈ ਪਰ ਇਹ ਮਾਲੀ ਸਾਲ 2025 ’ਚ 39,000 ਕਰੋੜ ਰੁਪਏ ਦੀ ਔਸਤ ਮਹੀਨਾਵਾਰੀ ਖਰੀਦ ਤੋਂ ਹੇਠਾਂ ਬਣੀ ਹੋਈ ਹੈ।
ਇਹ ਵਾਧਾ ਸੰਜੋਗ ਨਾਲ ਅਪ੍ਰੈਲ ’ਚ ਨਿਫਟੀ-50 ਇੰਡੈਕਸ ’ਚ 3.5 ਫੀਸਦੀ ਦੇ ਵਾਧੇ ਦੇ ਸਮੇਂ ਹੋਈ ਹੈ, ਜਦੋਂ ਕਿ ਮਾਰਚ ’ਚ ਇਸ ’ਚ 6.3 ਫ਼ੀਸਦੀ ਦਾ ਵਾਧਾ ਹੋਇਆ ਸੀ। ਇਹ ਵਾਧਾ ਲੱਗਭਗ 2 ਸਾਲ ਬਾਅਦ ਵਿਦੇਸ਼ੀ ਫੰਡਾਂ ਦੇ ਮੁੜ ਤੋਂ ਖਰੀਦਦਾਰੀ ਕਰਨ ਕਾਰਨ ਦੇਖਣ ਨੂੰ ਮਿਲੀ। ਮਹੀਨਾ-ਦਰ-ਮਹੀਨਾ ਵਾਧੇ ਤੋਂ ਬਾਅਦ ਬੈਂਚਮਾਰਕ ਸੂਚਕ ਅੰਕ ਨਿਫਟੀ-50 ਅਤੇ ਸੈਂਸੈਕਸ ਹੁਣ ਸਤੰਬਰ 2024 ਦੀ ਆਪਣੀ ਰਿਕਾਰਡ ਉਚਾਈ ਤੋਂ ਲੱਗਭਗ 7 ਫੀਸਦੀ ਪਿੱਛੇ ਹੈ। ਹਾਲਾਂਕਿ ਮਿਡਕੈਪ ਅਤੇ ਸਮਾਲਕੈਪ ਸੂਚਕ ਅੰਕ ਅਜੇ ਵੀ 10 ਫੀਸਦੀ ਤੋਂ ਜ਼ਿਆਦਾ ਪਿੱਛੇ ਹਨ।
ਸਤੰਬਰ ਦੇ ਅੰਤ ’ਚ ਸ਼ੁਰੂ ਹੋਈ ਗਿਰਾਵਟ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਫੰਡਾਂ ਦੀਆਂ ਇਕੁਇਟੀ ਯੋਜਨਾਵਾਂ ’ਚ ਨਿਵੇਸ਼ ਮਜ਼ਬੂਤ ਬਣਿਆ ਰਿਹਾ ਪਰ ਜਨਵਰੀ ਤੋਂ ਉਨ੍ਹਾਂ ਦੇ ਹਾਲੀਆ ਔਸਤ ਦੇ ਮੁਕਾਬਲੇ ਨਿਵੇਸ਼ ਨਰਮ ਰਿਹਾ ਹੈ। ਸ਼ੁੱਧ ਕੁਲੈਕਸ਼ਨ ’ਚ ਕਮੀ ਮੁੱਖ ਤੌਰ ’ਤੇ ਨਵੀਆਂ ਯੋਜਨਾਵਾਂ ਦੀ ਪੇਸ਼ਕਸ਼ ’ਚ ਗਿਰਾਵਟ ਅਤੇ ਇਕ-ਮੁਸ਼ਤ ਨਿਵੇਸ਼ ’ਚ ਨਰਮੀ ਕਾਰਨ ਆਈ ਹੈ। ਸਰਗਰਮ ਇਕੁਇਟੀ ਯੋਜਨਾਵਾਂ ’ਚ ਸ਼ੁੱਧ ਨਿਵੇਸ਼ ਲਗਾਤਾਰ ਤੀਸਰੇ ਮਹੀਨੇ ਘਟ ਕੇ ਮਾਰਚ ’ਚ 25,082 ਕਰੋਡ਼ ਰੁਪਏ ਰਹਿ ਗਿਆ, ਜੋ ਦਸੰਬਰ ’ਚ 41,156 ਕਰੋਡ਼ ਰੁਪਏ ਸੀ।
ਨਿਵੇਸ਼ਕਾਂ ਨੇ ਸਿਪ ਰਾਹੀਂ ਕੀਤਾ 26,000 ਕਰੋੜ ਰੁਪਏ ਦਾ ਨਿਵੇਸ਼
ਹਾਲਾਂਕਿ, ਐੱਸ. ਆਈ. ਪੀ. (ਸਿਪ) ਨਿਵੇਸ਼ ਕਾਫ਼ੀ ਹੱਦ ਤੱਕ ਪ੍ਰਭਾਵਿਤ ਨਹੀਂ ਹੋਇਆ ਹੈ। ਨਿਵੇਸ਼ਕਾਂ ਨੇ ਹਾਲ ਦੇ ਮਹੀਨਿਆਂ ’ਚ ਸਿਪ ਰਾਹੀਂ ਲੱਗਭਗ 26,000 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ, ਜਦੋਂ ਕਿ ਦਸੰਬਰ 2024 ’ਚ ਇਹ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 26,459 ਕਰੋਡ਼ ਰੁਪਏ ’ਤੇ ਰਿਹਾ ਸੀ।
ਮਿਊਚੁਅਲ ਫੰਡਾਂ ਵੱਲੋਂ ਸ਼ੁੱਧ ਇਕੁਇਟੀ ਖਰੀਦ ਦੀ ਮਾਤਰਾ ਕਈ ਕਾਰਕਾਂ ’ਤੇ ਨਿਰਭਰ ਕਰਦੀ ਹੈ– ਇਕੁਇਟੀ (ਪੈਸਿਵ ਸਮੇਤ) ਅਤੇ ਹਾਈਬ੍ਰਿਡ ਯੋਜਨਾਵਾਂ ’ਚ ਹਾਸਲ ਨਿਵੇਸ਼ ਅਤੇ ਨਿਕਾਸੀ, ਹਾਈਬ੍ਰਿਡ ਯੋਜਨਾਵਾਂ ਦੇ ਇਕੁਇਟੀ ਵੰਡ ’ਚ ਤਬਦੀਲੀ ਅਤੇ ਮੌਜੂਦ ਨਕਦੀ ’ਚ ਬਦਲਾਅ। ਇਸ ਹਫਤੇ ਯੂ. ਬੀ. ਐੱਸ. ਨੇ ਭਾਰਤੀ ਸ਼ੇਅਰਾਂ ਨੂੰ ਅਪਗ੍ਰੇਡ ਕਰ ਕੇ ਨਿਊਟਰਲ ਕਰ ਦਿੱਤਾ।
ਭਾਰਤ ਕਈ ਮਾਅਨਿਆਂ ’ਚ ਵਧੀਆ ਹੈ : ਸੁਨੀਲ ਤਿਰੂਮਲਾਈ
ਯੂ. ਬੀ. ਐੱਸ. ਦੇ ਇਕੁਇਟੀ ਰਣਨੀਤੀ ਦੇ ਮੁਖੀ (ਉੱਭਰਦੇ ਬਾਜ਼ਾਰ ਅਤੇ ਏਸ਼ੀਆ) ਸੁਨੀਲ ਤਿਰੂਮਲਾਈ ਨੇ ਕਿਹਾ ਕਿ ਭਾਰਤ ਕਈ ਮਾਅਨਿਆਂ ’ਚ ਵਧੀਆ ਹੈ। ਦੇਸ਼ ’ਤੇ ਜ਼ਿਆਦਾ ਧਿਆਨ, ਕਮਾਈ ਨੂੰ ਲੈ ਕੇ ਮਜ਼ਬੂਤੀ, ਤੇਲ ਦੀ ਘੱਟ ਕੀਮਤਾਂ ਨਾਲ ਫਾਇਦਾ ਅਤੇ ਬੈਂਕਾਂ ਦੀ ਜਮ੍ਹਾ ਦਰ ’ਚ ਕਟੌਤੀ ਅਤੇ ਖਪਤ ਲਈ ਸੰਭਾਵੀ ਸਰਕਾਰੀ ਸਮਰਥਨ ਵਰਗੇ ਹਾਂ-ਪੱਖੀ ਕਾਰਨ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਕਮਾਈ ’ਚ ਭਾਰੀ ਕਟੌਤੀ, ਵਾਧਾ ਅਤੇ ਨਿਵੇਸ਼ ’ਤੇ ਸਰਕਾਰ ਦੇ ਧਿਆਨ ਨੂੰ ਲੈ ਕੇ ਬੇਭਰੋਸਗੀ ਅਤੇ ਇਤਿਹਾਸਕ ਔਸਤ ਦੇ ਮੁਕਾਬਲੇ ਉੱਚੇ ਮੁਲਾਂਕਣ ਕਾਰਨ ਫੰਡਾਮੈਂਟਲ ਕਮਜ਼ੋਰ ਬਣੇ ਹੋਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਕੁਇਟੀ ਬਾਜ਼ਾਰ ’ਚ ਸੁਧਾਰ ਜਾਰੀ ਰਹਿੰਦਾ ਹੈ ਅਤੇ ਇਕੁਇਟੀ ਫੰਡਾਂ ਦੇ ਛੋਟੀ ਮਿਆਦ ਦੇ ਪ੍ਰਦਰਸ਼ਨ ’ਚ ਸੁਧਾਰ ਹੁੰਦਾ ਹੈ ਤਾਂ ਅੱਗੇ ਚੱਲ ਕੇ ਨਿਵੇਸ਼ ’ਚ ਤੇਜ਼ੀ ਆ ਸਕਦੀ ਹੈ।