ਚੌਬੇ ਨੇ ਸਿਹਤ ਰਾਜ ਮੰਤਰੀ ਦੇ ਰੂਪ ''ਚ ਸੰਭਾਲਿਆ ਕੰਮਕਾਜ, ਮੈਟਰੋ ਰਾਹੀਂ ਪੁੱਜੇ ਦਫਤਰ
Tuesday, Jun 04, 2019 - 04:34 PM (IST)
ਨਵੀਂ ਦਿੱਲੀ (ਭਾਸ਼ਾ)— ਅਸ਼ਵਨੀ ਕੁਮਾਰ ਚੌਬੇ ਨੇ ਮੰਗਲਵਾਰ ਨੂੰ ਸਿਹਤ ਰਾਜ ਮੰਤਰੀ ਦੇ ਰੂਪ ਵਿਚ ਕੰਮਕਾਜ ਸੰਭਾਲਿਆ। ਉਹ ਆਪਣੇ ਘਰ ਤੋਂ ਮੈਟਰੋ ਰਾਹੀਂ ਉਦਯੋਗ ਭਵਨ ਸਟੇਸ਼ਨ ਪੁੱਜੇ ਅਤੇ ਉੱਥੋਂ ਨਿਰਮਾਣ ਭਵਨ ਸਥਿਤ ਆਪਣੇ ਦਫਤਰ ਤਕ ਪੈਦਲ ਚੱਲ ਕੇ ਗਏ। ਚੌਬੇ ਨੇ ਕੰਮਕਾਜ ਸੰਭਾਲਣ ਤੋਂ ਪਹਿਲਾਂ ਪੂਜਾ ਕੀਤੀ ਅਤੇ ਨਿਰਮਾਣ ਭਵਨ ਕੰਪਲੈਕਸ 'ਚ 5 ਬੂਟੇ ਵੀ ਲਾਏ। ਚੌਬੇ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਮੁੜ ਸਿਹਤ ਰਾਜ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਗੇ, ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਯੋਜਨਾ ਦਾ ਲਾਭ ਮਿਲੇ। ਚੌਬੇ ਨੇ ਕਿਹਾ ਕਿ ਘੱਟ ਦੂਰੀ ਲਈ ਪੈਦਲ ਚੱਲਣਾ ਜਾਂ ਸਾਈਕਲ ਚਲਾਉਣ ਨਾਲ ਵਾਤਾਵਰਣ ਨੂੰ ਹੀ ਲਾਭ ਨਹੀਂ ਹੋਵੇਗਾ ਸਗੋਂ ਸਾਡੀ ਸਿਹਤ ਵੀ ਸਿਹਤਮੰਦ ਰਹੇਗੀ। ਉਨ੍ਹਾਂ ਨੇ ਸਾਰਿਆਂ ਨੂੰ ਚੰਗੀ ਸਿਹਤ ਲਈ ਰੋਜ਼ਾਨਾ ਘੱਟ ਤੋਂ ਘੱਟ 20 ਤੋਂ 30 ਮਿੰਟ ਸੈਰ ਕਰਨ ਅਤੇ ਸਾਈਕਲ ਚਲਾਉਣ ਦੀ ਸਲਾਹ ਦਿੱਤੀ।
