ਸਿੰਧੀਆ ਦੇ ਅਸਤੀਫੇ 'ਤੇ ਬੋਲੇ ਗਹਿਲੋਤ- ਲੋਕਾਂ ਦੇ ਭਰੋਸੇ ਨਾਲ ਕੀਤਾ ਧੋਖਾ
Tuesday, Mar 10, 2020 - 03:53 PM (IST)

ਨਵੀਂ ਦਿੱਲੀ (ਭਾਸ਼ਾ)— ਰਾਜਸਥਾਨ ਦੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ ਨੇ ਮੰਗਲਵਾਰ ਭਾਵ ਅੱਜ ਕਿਹਾ ਕਿ ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਛੱਡ ਕੇ ਲੋਕਾਂ ਦੇ ਭਰੋਸੇ ਨਾਲ ਧੋਖਾ ਕੀਤਾ ਹੈ। ਗਹਿਲੋਤ ਨੇ ਟਵੀਟ ਕੀਤਾ ਕਿ ਰਾਸ਼ਟਰੀ ਸੰਕਟ ਦੇ ਸਮੇਂ ਭਾਜਪਾ ਨਾਲ ਹੱਥ ਮਿਲਾਉਣਾ ਇਕ ਨੇਤਾ ਦੀ ਖੁਦ ਦੀ ਰਾਜਨੀਤਕ ਲਾਲਸਾ ਨੂੰ ਦਰਸਾਉਂਦਾ ਹੈ। ਖਾਸ ਤੌਰ 'ਤੇ ਉਸ ਸਮੇਂ ਜਦੋਂ ਭਾਜਪਾ ਅਰਥਵਿਵਸਥਾ, ਲੋਕਤੰਤਰੀ ਸੰਸਥਾਵਾਂ, ਸਮਾਜਿਕ ਤਾਣੇ-ਬਾਣੇ ਅਤੇ ਨਿਆਪਾਲਿਕਾ ਨੂੰ ਬਰਬਾਦ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸਿੰਧੀਆ ਨੇ ਜਨਤਾ ਦੇ ਵਿਸ਼ਵਾਸ ਅਤੇ ਵਿਚਾਰਧਾਰਾ ਨਾਲ ਧੋਖਾ ਕੀਤਾ ਹੈ। ਅਜਿਹੇ ਲੋਕ ਇਹ ਸਾਬਤ ਕਰਦੇ ਹਨ ਕਿ ਉਹ ਸੱਤਾ ਦੇ ਬਿਨਾਂ ਨਹੀਂ ਰਹਿ ਸਕਦੇ। ਉਹ ਜਿੰਨਾ ਜਲਦੀ ਛੱਡ ਦੇਣ ਬਿਹਤਰ ਹੈ। ਕਾਂਗਰਸ ਬੁਲਾਰੇ ਸ਼ੋਭਾ ਓਝਾ ਨੇ ਸਿੰਧੀਆ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਗਵਾਲੀਅਰ-ਚੰਬਲ ਦੇ ਸਾਰੇ ਕਾਂਗਰਸੀ ਵਰਕਰਾਂ ਨੂੰ ਅੱਜ ਮਿਲੀ ਸੱਚੀ ਆਜ਼ਾਦੀ ਦੀ ਬਹੁਤ-ਬਹੁਤ ਵਧਾਈ। ਅੱਜ ਸਾਰੇ ਕਾਂਗਰਸ ਲਈ ਮੁਕਤੀ ਦਾ ਤਿਉਹਾਰ ਹੈ, ਜਿਨ੍ਹਾਂ ਦੇ ਅਧਿਕਾਰਾਂ ਨੂੰ ਹੁਣ ਤਕ ਮਹਿਲ ਅਤੇ ਉਸ ਦੇ ਚਾਟੁਕਾਰਾਂ ਦੇ ਨਿੱਜੀ ਸਵਾਰਥ ਦੀ ਬਲੀ ਚੜ੍ਹਾਇਆ ਜਾ ਰਿਹਾ ਸੀ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ 'ਚ ਕਈ ਦਿਨਾਂ ਤੋਂ ਅੰਦਰੂਨੀ ਬਗਾਵਤ ਚੱਲ ਰਹੀ ਹੈ। ਇਸ ਸਿਆਸੀ ਘਮਾਸਾਨ ਦਰਮਿਆਨ ਕਾਂਗਰਸ ਨੇਤਾ ਜਿਓਤਿਰਾਦਿਤਿਆ ਸਿੰਧੀਆ ਨੇ ਮੰਗਲਵਾਰ ਭਾਵ ਅੱਜ ਅਸਤੀਫਾ ਦੇ ਦਿੱਤਾ ਹੈ। ਮੁੱਖ ਮੰਤਰੀ ਕਮਲਨਾਥ ਤੋਂ ਨਾਰਾਜ਼ ਸਿੰਧੀਆ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਹੈ।
ਇਹ ਵੀ ਪੜ੍ਹੋ : ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ, ਬੋਲੇ- ਹੁਣ ਅੱਗੇ ਵਧਣ ਦਾ ਸਮਾਂ