ਕੇਜਰੀਵਾਲ ਨੇ ਵਿਧਾਨ ਸਭਾ ’ਚ ਪਾੜੀ ਖੇਤੀ ਕਾਨੂੰਨਾਂ ਦੀ ਕਾਪੀ, ਬੋਲੇ- ‘ਹੋਰ ਕਿੰਨੀਆਂ ਜਾਨਾਂ ਲਵੋਗੇ’

12/17/2020 6:47:18 PM

ਨਵੀਂ ਦਿੱਲੀ— ਦਿੱਲੀ ’ਚ ਧਰਨਿਆਂ ’ਤੇ ਬੈਠੇ ਕਿਸਾਨਾਂ ਦੇ ਹੱਕ ’ਚ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਖੁੱਲ ਕੇ ਬੋਲੇ ਅਤੇ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਇਸ ਦੌਰਾਨ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਦੀ ਕਾਪੀ ਪਾੜ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਅੰਦੋਲਨ ’ਚ ਹੁਣ ਤੱਕ 20 ਤੋਂ ਵਧੇਰੇ ਕਿਸਾਨ ਇਸ ਅੰਦੋਲਨ ’ਚ ਸ਼ਹੀਦ ਹੋ ਚੁੱਕੇ ਹਨ। ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਹੋਰ ਕਿੰਨੀਆਂ ਜਾਨਾਂ ਤੁਸੀਂ ਲਵੋਗੇ। ਸਰਕਾਰ ਅੰਗਰੇਜ਼ਾਂ ਤੋਂ ਬਦਤਰ ਨਾ ਬਣੇ।

PunjabKesari

ਦਿੱਲੀ ਵਿਧਾਨ ਸਭਾ ਨੂੰ ਸੰਬੋਧਿਤ ਕਰਦਿਆਂ ਕੇਜਰੀਵਾਲ ਨੇ ਸੰਤ ਬਾਬਾ ਰਾਮ ਸਿੰਘ ਦੀ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਦੁੱਖ ਨੂੰ ਦੇਖਿਆ। ਜਦੋਂ ਕਿਸਾਨਾਂ ਦਾ ਦਰਦ ਉਨ੍ਹਾਂ ਲਈ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ ਉਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ। ਕੇਜਰੀਵਾਲ ਨੇ ਪੁੱਛਿਆ ਕਿ ਕੋਰੋਨਾ ਕਾਲ ’ਚ ਸਰਕਾਰ ਖੇਤੀ ਆਰਡੀਨੈਂਸ ਕਿਉਂ ਲਿਆਈ। ਆਖ਼ਰਕਾਰ ਸਰਕਾਰ ਦੀ ਕਿਹੜੀ ਮਜ਼ਬੂਰੀ ਸੀ ਕਿ ਕੋਰੋਨਾ ਕਾਲ ਵਿਚ ਆਰਡੀਨੈਂਸ ਲਿਆ ਕੇ ਬਿੱਲ ਪਾਸ ਕਰਨਾ ਪਿਆ। ਪਹਿਲੀ ਵਾਰ ਰਾਜ ਸਭਾ ’ਚ ਬਿਨਾਂ ਵੋਟਿੰਗ ਦੇ ਤਿੰਨੋਂ ਕਾਨੂੰਨ ਪਾਸ ਕਰ ਦਿੱਤੇ ਗਏ। ਸਰਕਾਰ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ। ਇਹ ਕਾਨੂੰਨ ਕਿਸਾਨਾਂ ਲਈ ਨਹੀਂ ਸਗੋਂ ਭਾਜਪਾ ਪਾਰਟੀ ਦੀ ਚੋਣ ਫੰਡਿੰਗ ਲਈ ਬਣੇ ਹਨ।

PunjabKesari

ਦਿੱਲੀ ਵਿਧਾਨ ਸਭਾ ’ਚ ਇਸ ਦੌਰਾਨ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲਾਏ ਗਏ। ਉਨ੍ਹਾਂ ਕਿਹਾ ਕਿ ਇਹ ਬਹੁਤ ਖ਼ਤਰਨਾਕ ਕਾਨੂੰਨ ਹੈ। ਇਸ ਦੇ ਜ਼ਰੀਏ ਕਿਸਾਨਾਂ ਦੀ ਕਿਰਸਾਨੀ ਖੋਹੀ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਇਨ੍ਹਾਂ ਕਾਨੂੰਨਾਂ ਨੂੰ ਪਾੜਨ ’ਚ ਦਰਦ ਹੋ ਰਿਹਾ ਹੈ ਪਰ ਮੇਰੇ ਦੇਸ਼ ਦਾ ਕਿਸਾਨ ਅੱਜ ਸੜਕਾਂ ’ਤੇ ਸੌਂ ਰਿਹਾ ਹੈ, ਜਿਸ ਨੂੰ ਵੇਖ ਕੇ ਮੈਨੂੰ ਤਕਲੀਫ਼ ਹੋ ਰਹੀ ਹੈ, ਇਸ ਲਈ ਮੈਂ ਇਨ੍ਹਾਂ ਖੇਤੀ ਕਾਨੂੰਨਾਂ ਦੀ ਕਾਪੀ ਨੂੰ ਪਾੜਿਆ ਹੈ।

 


Tanu

Content Editor

Related News