ਕੇਜਰੀਵਾਲ ਬੋਲੇ- ‘ਆਕਸੀਜਨ ਬੈਂਕ’ ਦੀ ਕਰ ਰਹੇ ਹਾਂ ਸ਼ੁਰੂਆਤ, ਦੋ ਘੰਟਿਆਂ ’ਚ ਘਰ ਪੁੱਜੇਗਾ ਕੰਸਨਟ੍ਰੇਟਰ
Saturday, May 15, 2021 - 02:29 PM (IST)
ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਯਾਨੀ ਕਿ ਅੱਜ ਕਿਹਾ ਕਿ ਸ਼ਹਿਰ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 6500 ਨਵੇਂ ਮਾਮਲੇ ਆਏ ਅਤੇ ਵਾਇਰਸ ਦੀ ਦਰ ਡਿੱਗ ਕੇ 11 ਫ਼ੀਸਦੀ ਰਹਿ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਘਰਾਂ ’ਚ ਇਕਾਂਤਵਾਸ ’ਚ ਰਹਿ ਰਹੇ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰ ਬੈਂਕ ਦੀ ਜ਼ਰੂਰੀ ਸੇਵਾ ਸ਼ੁਰੂ ਕਰ ਰਹੇ ਹਾਂ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ ਨੂੰ ਸਮੇਂ ’ਤੇ ਆਕਸੀਜਨ ਮਿਲਣਾ ਬਹੁਤ ਜ਼ਰੂਰੀ ਹੈ, ਇਸ ਨਾਲ ਅਸੀਂ ਬਹੁਤ ਸਾਰੀਆਂ ਜਾਨਾਂ ਬਚਾਅ ਸਕਾਂਗੇ। ਘਰਾਂ ’ਚ ਇਕਾਂਤਵਾਸ ਵਿਚ ਇਲਾਜ ਕਰਵਾ ਰਹੇ ਕਿਸੇ ਵੀ ਕੋਰੋਨਾ ਮਰੀਜ਼ ਨੂੰ ਜ਼ਰੂਰਤ ਪੈਣ ’ਤੇ ਦੋ ਘੰਟਿਆਂ ਦੇ ਅੰਦਰ ਉਨ੍ਹਾਂ ਦੇ ਘਰ ਤੱਕ ਆਕਸੀਜਨ ਕੰਸਨਟ੍ਰੇਟਰ ਪਹੁੰਚਾਇਆ ਜਾਵੇਗਾ। ਦਿੱਲੀ ਦੇ 11 ਜ਼ਿਲ੍ਹਿਆਂ ਵਿਚ ਹਰੇਕ ਨੂੰ 200 ਆਕਸੀਜਨ ਕੰਸਨਟ੍ਰੇਟਰ ਦਿੱਤੇ ਜਾਣਗੇ ਅਤੇ ਡਾਕਟਰਾਂ ਦੀ ਸਲਾਹ ’ਤੇ ਘਰ ਵਿਚ ਇਕਾਂਤਵਾਸ ਰਹਿ ਰਹੇ ਮਰੀਜ਼ਾਂ ਨੂੰ ਇਹ ਉਪਲੱਬਧ ਕਰਵਾਏ ਜਾਣਗੇ।
ਕੇਜਰੀਵਾਲ ਨੇ ਕਿਹਾ ਕਿ ਵਾਇਰਸ ਦੇ ਰੋਜ਼ਾਨਾ ਆਉਣ ਵਾਲੇ ਮਾਮਲਿਆਂ ਵਿਚ ਕਮੀ ਆਈ ਹੈ ਪਰ ਦਿੱਲੀ ਸਰਕਾਰ ਕੋਈ ਢਿੱਲ ਨਹੀਂ ਵਰਤੇਗੀ। ਕੋਰੋਨਾ ਵਾਇਰਸ ਮਹਾਮਾਰੀ ਨਾਲ ਦਿੱਲੀ ਸਰਕਾਰ ਲੜਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਕੋਰੋਨਾ ਦੇ 8500 ਤੋਂ ਵੱਧ ਮਾਮਲੇ ਆਏ ਅਤੇ ਵਾਇਰਸ ਦੀ ਦਰ 12 ਫ਼ੀਸਦੀ ਰਹੀ। ਉਮੀਦ ਹੈ ਕਿ ਮਾਮਲੇ ਅਤੇ ਵਾਇਰਸ ਦੀ ਦਰ ਘੱਟ ਹੋਣਗੇ ਅਤੇ ਇਸ ਵਾਇਰਸ ਦਾ ਪ੍ਰਸਾਰ ਰੁੱਕ ਜਾਵੇਗਾ। ਉਨ੍ਹਾਂ ਨੇ ਦਿੱਲੀ ਵਿਚ ਪਿਛਲੇ 15 ਦਿਨਾਂ ’ਚ ਆਈ. ਸੀ. ਯੂ. ਦੇ 1000 ਬੈੱਡ ਤਿਆਰ ਕਰਨ ਲਈ ਡਾਕਟਰਾਂ ਅਤੇ ਇੰਜੀਨੀਅਰਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਦੁਨੀਆ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ।