ਕੇਜਰੀਵਾਲ ਬੋਲੇ- ਜੂਨ ’ਚ ਦਿੱਲੀ ਨੂੰ ਮਿਲੇਗਾ ‘ਸਪੂਤਨਿਕ-ਵੀ’ ਟੀਕਾ
Monday, May 31, 2021 - 04:01 PM (IST)

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ’ਚ ਟੀਕਾਕਰਨ ਨੂੰ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਰੂਸ ਦੇ ਕੋਵਿਡ-19 ਰੋਕੂ ਟੀਕੇ ‘ਸਪੂਤਨਿਕ-ਵੀ’ ਦੀ ਪਹਿਲੀ ਖੇਪ ਦਿੱਲੀ ਨੂੰ ਜੂਨ ’ਚ ਮਿਲਣ ਦੀ ਸੰਭਾਵਨਾ ਹੈ, ਜਿਸ ਨੂੰ ਸਬੰਧਤ ਕੰਪਨੀ 20 ਜੂਨ ਤੋਂ ਬਾਅਦ ਇੰਪੋਰਟ ਕਰੇਗੀ। ਭਾਰਤ ਦੇ ਡਰੱਗ ਕੰਟਰੋਲ ਜਨਰਲ (ਡੀ. ਸੀ. ਜੀ. ਆਈ.) ਨੇ ਐਮਰਜੈਂਸੀ ਸਥਿਤੀ ਵਿਚ ਕੁਝ ਸ਼ਰਤਾਂ ਦੇ ਨਾਲ ਸਪੂਤਨਿਕ-ਵੀ ਟੀਕੇ ਦੇ ਇਸਤੇਮਾਲ ਦੀ ਆਗਿਆ ਦਿੱਤੀ ਹੈ। ਡਾ. ਰੈੱਡੀਜ਼ ਲੈਬੋਰਟਰੀਜ਼ ਇਸ ਦਵਾਈ ਦਾ ਭਾਰਤ ’ਚ ਇੰਪੋਰਟ ਕਰੇਗੀ।
ਇਹ ਵੀ ਪੜ੍ਹੋ: ਇਹ ਸਮਾਂ ਸੂਬਾ ਸਰਕਾਰਾਂ ਨਾਲ ਲੜਨ ਦਾ ਨਹੀਂ, ਕੋਰੋਨਾ ਨਾਲ ਮਿਲ ਕੇ ਨਜਿੱਠਣ ਦਾ ਹੈ : ਕੇਜਰੀਵਾਲ
ਮੁੱਖ ਮੰਤਰੀ ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਵਿਚ ਅਜੇ ਮਿਊਕਰਮਾਇਕੋਸਿਸ (ਬਲੈਕ ਫੰਗਸ) ਦੇ 944 ਮਾਮਲੇ ਹਨ। ਇਨ੍ਹਾਂ ’ਚੋਂ 300 ਮਰੀਜ਼ਾਂ ਦਾ ਕੇਂਦਰ ਸਰਕਾਰ ਦੇ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਕੇਜਰੀਵਾਲ ਰਾਜਧਾਨੀ ਦੇ ਇਕ ਸਕੂਲ ਵਿਚ ਮੌਜੂਦ ਸਨ, ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨੀ ਸੀ।
ਇਹ ਵੀ ਪੜ੍ਹੋ: ਤਾਲਾਬੰਦੀ ਦਾ ਅਸਰ: ਦਿੱਲੀ ’ਚ 24 ਘੰਟਿਆਂ ’ਚ ਆਏ ਕੋਰੋਨਾ ਦੇ 946 ਨਵੇਂ ਮਾਮਲੇ
ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੀਤੀ ਹੈ। ਪੱਤਰਕਾਰਾਂ ਵਲੋਂ ਉਨ੍ਹਾਂ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਨ ਦੀ ਮੰਗ ਕੀਤੀ ਗਈ ਸੀ। 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਲਈ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮੈਂ ਸਾਰੇ ਪੱਤਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਵੱਡੀ ਗਿਣਤੀ ਵਿਚ ਅੱਗੇ ਆਉ ਅਤੇ ਟੀਕਾਕਰਨ ਕਰਵਾਓ। ਟੀਕਾਕਰਨ ਦੇ ਜ਼ਰੀਏ ਹੀ ਅਸੀਂ ਖ਼ੁਦ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰੱਖ ਸਕਦੇ ਹਾਂ।
ਇਹ ਵੀ ਪੜ੍ਹੋ: ਤਾਲਾਬੰਦੀ ਦੌਰਾਨ ਸੁਰਖੀਆਂ ਬਟੋਰਨ ਵਾਲੀ ‘ਸਾਈਕਲ ਗਰਲ’ ਜੋਤੀ ਦੇ ਪਿਤਾ ਦਾ ਦਿਹਾਂਤ