ਕੇਜਰੀਵਾਲ ਬੋਲੇ- 'ਦਿੱਲੀ ਦੇ ਹਸਪਤਾਲਾਂ' 'ਚ ਹੁਣ ਸਿਰਫ ਦਿੱਲੀ ਵਾਲਿਆਂ ਦਾ ਹੋਵੇਗਾ ਇਲਾਜ

06/07/2020 12:59:55 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਐਤਵਾਰ ਭਾਵ ਅੱਜ ਪ੍ਰੈੱਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਕਿਹਾ ਕਿ ਕੱਲ ਤੋਂ ਦਿੱਲੀ 'ਚ ਰੈਸਟੋਰੈਂਟ, ਮਾਲਜ਼ ਅਤੇ ਮੰਦਰ ਖੋਲ੍ਹੇ ਜਾਣਗੇ। ਫਿਲਹਾਲ ਹੋਟਲ ਅਤੇ ਬੈਂਕਟ ਹਾਲ ਨਹੀਂ ਖੁੱਲ੍ਹਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਦੌਰਾਨ ਸਾਨੂੰ ਸਾਵਧਾਨੀ ਵਰਤਣੀ ਹੋਵੇਗੀ। ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਅਤੇ ਸਮਾਜਿਕ ਦੂਰੀ ਦਾ ਹਰ ਕਿਸੇ ਨੂੰ ਪਾਲਣ ਕਰਨਾ ਹੋਵੇਗਾ। ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ। ਉਹ ਹੋ ਸਕੇ ਤਾਂ ਘਰਾਂ ਅੰਦਰ ਹੀ ਰਹਿਣ। 

ਕੇਜਰੀਵਾਲ ਨੇ ਕਿਹਾ ਕਿ 8 ਜੂਨ ਤੋਂ ਦਿੱਲੀ ਸੀਲ ਬਾਰਡਰ ਨੂੰ ਖੋਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਬਾਰਡਰ ਨੂੰ ਖੋਲ੍ਹਣ ਤੋਂ ਬਾਅਦ ਕੋਰੋਨਾ ਵਾਇਰਸ ਕਾਲ 'ਚ ਹੁਣ ਦਿੱਲੀ ਤੋਂ ਬਾਹਰ ਵਾਲੇ ਲੋਕਾਂ ਨੂੰ ਦਿੱਲੀ 'ਚ ਇਲਾਜ ਕਰਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਵੇਗਾ। ਦਿੱਲੀ ਵਿਚ ਮੌਜੂਦ ਦਿੱਲੀ ਸਰਕਾਰ ਦੇ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਸਿਰਫ ਦਿੱਲੀ ਦੇ ਲੋਕਾਂ ਦਾ ਇਲਾਜ ਹੋਵੇਗਾ। ਉੱਥੇ ਹੀ ਕੇਂਦਰ ਸਰਕਾਰ ਦੇ ਹਸਪਤਾਲ ਸਾਰਿਆਂ ਲਈ ਖੁੱਲ੍ਹੇ ਹੋਣਗੇ। ਕੇਜਰੀਵਾਲ ਨੇ ਕਿਹਾ ਕਿ ਕੈਬਨਿਟ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ 7.5 ਲੱਖ ਲੋਕਾਂ ਨੇ ਉਨ੍ਹਾਂ ਨੂੰ ਸੁਝਾਅ ਦਿੱਤੇ ਹਨ, ਜਿਸ ਵਿਚ 90 ਫੀਸਦੀ ਨੇ ਕਿਹਾ ਕਿ ਫਿਲਹਾਲ ਕੋਰੋਨਾ-ਕੋਰੋਨਾ ਤੱਕ ਦਿੱਲੀ ਦੇ ਹਸਪਤਾਲ ਦਿੱਲੀ ਵਾਲਿਆਂ ਲਈ ਹੋਣੇ ਚਾਹੀਦੇ ਹਨ।

ਕੇਜਰੀਵਾਲ ਨੇ ਸਾਫ ਕੀਤਾ ਕਿ ਦਿੱਲੀ ਸਰਕਾਰ ਦੇ ਅਧੀਨ ਆਉਣ ਵਾਲੇ ਹਸਪਤਾਲ ਅਤੇ ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਸਿਰਫ ਦਿੱਲੀ ਦੇ ਲੋਕਾਂ ਦਾ ਇਲਾਜ ਹੋਵੇਗਾ। ਉੱਥੇ ਹੀ ਕੇਂਦਰ ਸਰਕਾਰ ਦੇ ਹਸਪਤਾਲ ਜਿਵੇਂ ਏਮਜ਼, ਸਫਰਦਰਜੰਗ ਅਤੇ ਰਾਮ ਮਨੋਹਰ ਲੋਹੀਆ ਵਿਚ ਸਾਰੇ ਲੋਕਾਂ ਦਾ ਇਲਾਜ ਹੋ ਸਕੇਗਾ, ਜਿਵੇਂ ਹੀ ਹੁਣ ਤੱਕ ਹੁੰਦਾ ਆਇਆ ਹੈ। ਹਾਲਾਂਕਿ ਕੁਝ ਪ੍ਰਾਈਵੇਟ ਹਸਪਤਾਲ ਜੋ ਸਪੈਸ਼ਲ ਸਰਜਰੀ ਕਰਦੇ ਹਨ, ਜੋ ਕਿਤੇ ਹੋਰ ਨਹੀਂ ਹੁੰਦੀ, ਉਨ੍ਹਾਂ ਨੂੰ ਕਰਾਉਣ ਲਈ ਦੇਸ਼ ਭਰ ਤੋਂ ਕੋਈ ਵੀ ਦਿੱਲੀ ਆ ਸਕਦਾ ਹੈ, ਉਸ 'ਤੇ ਰੋਕ ਨਹੀਂ ਹੋਵੇਗੀ। ਇਸ ਸਮੇਂ ਦਿੱਲੀ ਵਿਚ ਸਮੱਸਿਆ ਇਹ ਹੈ ਕਿ ਕੋਰੋਨਾ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੀ ਸਥਿਤੀ ਵਿਚ ਪੂਰੇ ਦੇਸ਼ ਲਈ ਹਸਪਤਾਲ ਖੋਲ੍ਹ ਦਿੱਤੇ ਤਾਂ ਦਿੱਲੀ ਦੇ ਲੋਕ ਕਿੱਥੇ ਜਾਣਗੇ। ਕੇਜਰੀਵਾਲ ਨੇ ਦੱਸਿਆ ਕਿ 5 ਡਾਕਟਰਾਂ ਦੀ ਕਮੇਟੀ ਬਣਾਈ ਗਈ ਸੀ, ਜਿਨ੍ਹਾਂ ਨੇ ਮੰਨਿਆ ਕਿ ਫਿਲਹਾਲ ਬਾਹਰ ਦੇ ਮਰੀਜ਼ਾਂ ਨੂੰ ਰੋਕਣਾ ਹੋਵੇਗਾ। ਕੇਜਰੀਵਾਲ ਮੁਤਾਬਕ ਕਮੇਟੀ ਨੇ ਕਿਹਾ ਹੈ ਕਿ ਦਿੱਲੀ ਨੂੰ ਜੂਨ ਦੇ ਅਖੀਰ ਤੱਕ 15 ਹਜ਼ਾਰ ਕੋਵਿਡ ਬੈੱਡ ਚਾਹੀਦੇ ਹੋਣਗੇ। ਫਿਲਹਾਲ ਦਿੱਲੀ ਕੋਲ 9 ਹਜ਼ਾਰ ਬੈੱਡ ਹਨ ਅਤੇ ਜੇਕਰ ਹਸਪਤਾਲ ਸਾਰਿਆਂ ਲਈ ਖੋਲ੍ਹ ਦਿੱਤੇ ਤਾਂ 9 ਹਜ਼ਾਰ ਬੈੱਡ ਤਿੰਨ ਦਿਨਾਂ ਵਿਚ ਭਰ ਜਾਣਗੇ।


Tanu

Content Editor

Related News