ਕੋਰੋਨਾ ਆਫ਼ਤ: ਕੇਜਰੀਵਾਲ ਨੇ ਦਿੱਲੀ 'ਚ ਵਿਆਹ ਸਮਾਗਮਾਂ ਲਈ ਦਿੱਤੀ ਇਹ ਖ਼ਾਸ ਛੋਟ ਲਈ ਵਾਪਸ

Tuesday, Nov 17, 2020 - 01:03 PM (IST)

ਕੋਰੋਨਾ ਆਫ਼ਤ: ਕੇਜਰੀਵਾਲ ਨੇ ਦਿੱਲੀ 'ਚ ਵਿਆਹ ਸਮਾਗਮਾਂ ਲਈ ਦਿੱਤੀ ਇਹ ਖ਼ਾਸ ਛੋਟ ਲਈ ਵਾਪਸ

ਨਵੀਂ ਦਿੱਲੀ— ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਦਿੱਲੀ 'ਚ ਕੋਰੋਨਾ ਲਾਗ ਦੀ ਭਿਆਨਕ ਹੁੰਦੀ ਜਾ ਰਹੀ ਸਥਿਤੀ ਨੂੰ ਵੇਖਦਿਆਂ ਦਿੱਲੀ ਸਰਕਾਰ ਨੇ ਵਿਆਹਾਂ 'ਚ ਮਿਲੀ ਛੋਟ ਨੂੰ ਵਾਪਸ ਲੈ ਲਿਆ ਹੈ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਜ਼ਰੀਏ ਮੰਗਲਵਾਰ ਨੂੰ ਕਿਹਾ ਕਿ ਅਸੀਂ ਵਿਆਹ ਸਮਾਰੋਹਾਂ 'ਚ 200 ਲੋਕਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਨੂੰ ਵਾਪਸ ਲੈ ਲਿਆ ਹੈ। ਹੁਣ ਸਿਰਫ 50 ਲੋਕ ਹੀ ਵਿਆਹ ਸਮਾਰੋਹਾਂ ਵਿਚ ਸ਼ਾਮਲ ਹੋ ਸਕਦੇ ਹਨ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ ਆਮ ਹੋਣ 'ਤੇ ਪਹਿਲਾਂ 50 ਤੋਂ ਇਹ ਗਿਣਤੀ 200 ਤੱਕ ਵਧਾਈ ਗਈ ਸੀ, ਜਿਸ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ। 

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੌਰਾਨ ਲੋਕਾਂ ਨੇ ਮਾਸਕ ਪਹਿਨਣ 'ਚ ਅਣਗਹਿਲੀ ਕੀਤੀ, ਜਿਸ ਕਾਰਨ ਕੋਰੋਨਾ ਬਹੁਤ ਜ਼ਿਆਦਾ ਫੈਲਿਆ। ਦਿੱਲੀ ਦੇ ਭੀੜ-ਭਾੜ ਵਾਲੇ ਬਾਜ਼ਾਰਾਂ ਨੂੰ ਜੇਕਰ ਜ਼ਰੂਰੀ ਹੋਇਆ ਤਾਂ ਬੰਦ ਕੀਤੇ ਜਾ ਸਕਦੇ ਹਨ। ਇਸ ਲਈ ਦਿੱਲੀ ਸਰਕਾਰ ਕੇਂਦਰ ਸਰਕਾਰ ਨੂੰ ਪ੍ਰਸਤਾਵ ਵੀ ਭੇਜਿਆ ਜਾ ਰਿਹਾ ਹੈ। ਨਿਯਮਾਂ ਦਾ ਉਲੰਘਣ ਅਤੇ ਸਮਾਜਿਕ ਦੂਰੀ ਦਾ ਪਾਲਣ ਨਾ ਹੋਣ ਦੀ ਸਥਿਤੀ ਵਿਚ ਦਿੱਲੀ ਕੋਰੋਨਾ ਹੌਟ-ਸਪੌਟ ਬਣ ਸਕਦਾ ਹੈ। ਭੀੜ ਵਾਲੇ ਬਜ਼ਾਰਾਂ ਨੂੰ ਅਸਥਾਈ ਰੂਪ ਨਾਲ ਬੰਦ ਕਰਨ ਦੀ ਆਗਿਆ ਕੇਂਦਰ ਤੋਂ ਮੰਗੀ ਜਾਵੇਗੀ।

ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਮਿਲ ਕੇ ਕੋਰੋਨਾ ਦੀ ਸਥਿਤੀ ਨੂੰ ਕੰਟਰੋਲ ਕਰਨ ਵਿਚ ਜੁੱਟੀਆਂ ਹਨ। ਦਿੱਲੀ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਬੈੱਡ ਦੀ ਗਿਣਤੀ ਉੱਚਿਤ ਹੈ ਪਰ ਆਈ. ਸੀ. ਯੂ. 'ਚ ਬੈੱਡ ਦੀ ਕਮੀ ਹੈ, ਜਿਸ ਲਈ ਕੇਂਦਰ ਸਰਕਾਰ ਨੇ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ  ਸਭ ਤੋਂ ਵੱਡੀ ਲੋੜ ਹੈ ਕਿ ਲੋਕ ਧਿਆਨ ਰੱਖਣ। ਮੇਰੀ ਅਪੀਲ ਹੈ ਕਿ ਕ੍ਰਿਪਾ ਕਰ ਕੇ ਮਾਸਕ ਜ਼ਰੂਰ ਪਹਿਨੋ ਅਤੇ ਸਮਾਜਿਕ ਦੂਰੀ ਦਾ ਪਾਲਣ ਕਰੋ।


author

Tanu

Content Editor

Related News