ਕੇਜਰੀਵਾਲ ਨੇ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਡਾਕਟਰ ਦੇ ਘਰ ਜਾ ਕੇ ਪਰਿਵਾਰ ਨੂੰ ਸੌਂਪੀ ਮੁਆਵਜ਼ਾ ਰਾਸ਼ੀ
Friday, Jul 03, 2020 - 01:31 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਲੋਕ ਨਾਇਕ ਜੈ ਪ੍ਰਕਾਸ਼ (ਐੱਲ.ਐੱਨ.ਜੇ.ਪੀ.) ਹਸਪਤਾਲ ਦੇ ਡਾ. ਅਸੀਮ ਗੁਪਤਾ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕੇਜਰੀਵਾਲ ਨੇ ਡਾ. ਗੁਪਤਾ ਦੇ ਪਰਿਵਾਰ ਨੂੰ ਆਰਥਿਕ ਮਦਦ ਦੇ ਤੌਰ 'ਤੇ ਇਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਚੈੱਕ ਵੀ ਪ੍ਰਦਾਨ ਕੀਤੀ।
ਕੇਜਰੀਵਾਲ ਨੇ ਡਾ. ਅਸੀਮ ਗੁਪਤਾ ਦੀ ਮੌਤ 'ਤੇ ਡੂੰਘਾ ਸੋਗ ਜਤਾਉਂਦੇ ਹੋਏ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਜਤਾਈ। ਮੁੱਖ ਮੰਤਰੀ ਨੇ ਕਿਹਾ ਕਿ ਡਾ. ਗੁਪਤਾ ਇਕ ਸੱਚੇ ਕੋਰੋਨਾ ਯੋਧਾ ਸਨ, ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਡਿਊਟੀ ਕਰਦੇ ਰਹੇ। ਇਸ ਮੁਲਾਕਾਤ ਦੌਰਾਨ ਦਿੱਲੀ ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ ਵੀ ਮੁੱਖ ਮੰਤਰੀ ਨਾਲ ਮੌਜੂਦ ਰਹੇ। ਦੱਸਣਯੋਗ ਹੈ ਕਿ ਡਾ. ਅਸੀਮ ਦੀ ਪਤਨੀ ਨਿਰੂਪਮਾ ਵੀ ਇਕ ਡਾਕਟਰ ਹੈ ਅਤੇ ਉਹ ਵੀ ਲੋਕ ਨਾਇਕ ਹਸਪਤਾਲ 'ਚ ਤਾਇਨਾਤ ਹੈ। ਇਸ ਮੌਕੇ ਸੀ.ਐੱਮ. ਕੇਜਰੀਵਾਲ ਨੇ ਕਿਹਾ,''ਡਾਕਟਰ ਅਸੀਮ ਗੁਪਤਾ ਕੋਵਿਡ ਮਰੀਜ਼ਾਂ ਦੀ ਸੇਵਾ 'ਚ ਤਿਆਰ ਰਹਿੰਦੇ ਸਨ, ਉਹ ਆਪਣੀ ਸੇਵਾ ਦਿੰਦੇ ਹੋਏ ਸ਼ਹੀਦ ਹੋ ਗਏ।''
ਕੇਜਰੀਵਾਲ ਨੇ ਕਿਹਾ ਕਿ ਮਰਹੂਮ ਡਾਕਟਰ ਅਸੀਮ ਦੇ ਪਰਿਵਾਰ ਦਾ ਪੂਰਾ ਖਿਆਲ ਦਿੱਲੀ ਸਰਕਾਰ ਰੱਖੇਗੀ, ਉਨ੍ਹਾਂ ਜੋ ਵੀ ਸਹੂਲਤ ਚਾਹੀਦੀ ਹੈ ਸਰਕਾਰ ਮੁਹੱਈਆ ਕਰਵਾਏਗੀ। ਦੱਸ ਦੇਈਏ ਕਿ ਡਾਕਟਰ ਅਸੀਮ ਅਤੇ ਉਨ੍ਹਾਂ ਦੀ ਪਤਨੀ ਡਾ. ਨਿਰੂਪਮਾ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਇਨਫੈਕਟਡ ਹੋ ਗਏ ਸਨ। ਡਾ. ਨਿਰੂਪਮਾ ਕੁਝ ਹਫ਼ਤੇ ਹਸਪਤਾਲ 'ਚ ਰਹਿਣ ਤੋਂ ਬਾਅਦ ਕੋਰੋਨਾ ਤੋਂ ਠੀਕ ਹੋ ਗਈ ਪਰ ਉਨ੍ਹਾਂ ਦੇ ਪਤੀ ਡਾਕਟਰ ਅਸੀਮ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ ਅਤੇ ਮਹਾਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ।