ਕੇਜਰੀਵਾਲ ਨੇ ਸੰਸਦ ਮੈਂਬਰਾਂ ਨਾਲ 'ਕੋਰੋਨਾ' 'ਤੇ ਕੀਤੀ ਚਰਚਾ, ਕਿਹਾ- ਇਕੱਠੇ ਲੜਨਾ ਹੋਵੇਗਾ
Wednesday, Apr 08, 2020 - 05:34 PM (IST)

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸੰਸਦ ਮੈਂਬਰਾਂ ਨਾਲ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੀ ਇਹ ਲੜਾਈ ਲੜਨੀ ਹੋਵੇਗੀ। ਵੀਡੀਓ ਕਾਨਫਰੰਸਿੰਗ 'ਚ ਭਾਜਪਾ ਦੇ ਲੋਕ ਸਭਾ ਸੰਸਦ ਮੈਂਬਰਾਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਨਾਲ ਕੋਵਿਡ-19 ਦੇ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਤਰੀਕਿਆਂ 'ਤੇ ਚਰਚਾ ਕੀਤੀ।
ਕੇਜਰੀਵਾਲ ਨੇ ਟਵੀਟ ਕੀਤਾ ਕਿ ਦਿੱਲੀ ਵਿਚ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਨਾਲ ਕੋਰੋਨਾ ਵਾਇਰਸ 'ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਚਰਚਾ ਕੀਤੀ। ਕਈ ਸੰਸਦ ਮੈਂਬਰਾਂ ਨੇ ਚੰਗੇ ਸੁਝਾਅ ਦਿੱਤੇ, ਉਨ੍ਹਾਂ ਨੂੰ ਸਰਕਾਰ ਛੇਤੀ ਹੀ ਲਾਗੂ ਕਰੇਗੀ। ਇਸ ਲੜਾਈ ਨੂੰ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਨਾ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦਿੱਲੀ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਇਕ ਲੱਖ ਰੈਪਿਡ ਐਂਟੀਬੋਡੀ ਪਰੀਖਣ ਕਰਾਉਣ ਸਮੇਤ 5 ਸੂਤਰੀ ਪਲਾਨ ਦਾ ਐਲਾਨ ਕਰਨ ਦੇ ਇਕ ਦਿਨ ਬਾਅਦ ਕੇਜਰੀਵਾਲ ਨੇ ਇਹ ਬੈਠਕ ਕੀਤੀ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਭਾਜਪਾ ਦੇ 7 ਲੋਕ ਸਭਾ ਸੰਸਦ ਮੈਂਬਰ ਹਨ ਅਤੇ ਆਮ ਆਦਮੀ ਪਾਰਟੀ (ਆਪ) ਦੇ 3 ਰਾਜ ਸਭਾ ਮੈਂਬਰ ਹਨ। ਦਿੱਲੀ ਸਿਹਤ ਵਿਭਾਗ ਮੁਤਾਬਕ ਦਿੱਲੀ ਵਿਚ ਹੁਣ ਤਕ ਕੋਰੋਨਾ ਦੇ 576 ਮਾਮਲੇ ਸਾਹਮਣੇ ਆਏ ਹਨ।