CM ਕੇਜਰੀਵਾਲ ਅਤੇ ਭਗਵੰਤ ਮਾਨ ਭਲਕੇ ਤੋਂ ਦੋ ਦਿਨਾਂ ਹਰਿਆਣਾ ਦੌਰੇ ’ਤੇ, ਜਨਤਾ ਦੀ ਟਟੋਲਣਗੇ ਨਬਜ਼
Tuesday, Sep 06, 2022 - 12:32 PM (IST)
ਹਿਸਾਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 7 ਸਤੰਬਰ ਯਾਨੀ ਕਿ ਭਲਕੇ ਹਰਿਆਣਾ ਦੇ ਦੋ ਦਿਨਾਂ ਦੌਰੇ ’ਤੇ ਆ ਰਹੇ ਹਨ। ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਿਸਾਰ ਆਉਣਗੇ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਸਲਾਹਕਾਰ ਅਨੁਰਾਗ ਢਾਂਡਾ ਨੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ 7 ਅਤੇ 8 ਸਤੰਬਰ ਨੂੰ ਹਿਸਾਰ ਫੇਰੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹਿਸਾਰ ਤੋਂ ਪਾਰਟੀ ਦੇ ‘ਮੇਕ ਇੰਡੀਆ ਨੰਬਰ-1’ ਮੁਹਿੰਮ ਦੀ ਸ਼ੁਰੂਆਤ ਕਰਨਗੇ। ਢਾਂਡਾ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕਰਨਾ ਹੈ। ਹਰਿਆਣਾ ਤੋਂ ਬਾਅਦ ਹੋਰ ਸੂਬਿਆਂ ’ਚ ਵੀ ਇਹ ਮੁਹਿੰਮ ਚਲਾਈ ਜਾਵੇਗੀ।
ਇਹ ਵੀ ਪੜ੍ਹੋ- ਭਾਰਤ ਦੌਰੇ ’ਤੇ ਆਈ PM ਸ਼ੇਖ ਹਸੀਨਾ ਨੇ ਕਿਹਾ- ਦੋਸਤੀ ਜ਼ਰੀਏ ਹਰ ਸਮੱਸਿਆ ਦਾ ਹੱਲ ਹੋ ਸਕਦੈ
ਦੱਸ ਦੇਈਏ ਕਿ ਕੇਜਰੀਵਾਲ ਦਾ ਹਿਸਾਰ ਨਾਲ ਪੁਰਾਣਾ ਅਤੇ ਡੂੰਘਾ ਰਿਸ਼ਤਾ ਹੈ। ਅਨੁਰਾਗ ਢਾਂਡਾ ਨੇ ਦੱਸਿਆ ਕਿ ਕੇਜਰੀਵਾਲ ਆਦਮਪੁਰ ਵਿਧਾਨ ਸਭਾ ਖੇਤਰ ’ਚ ‘ਤਿਰੰਗਾ ਯਾਤਰਾ’ ਵੀ ਕੱਢਣਗੇ। ਆਦਮਪੁਰ ਸੀਟ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਬਿਸ਼ਨੋਈ ਦੇ ਪਾਰਟੀ ਛੱਡਣ ਮਗਰੋਂ ਅਤੇ ਭਾਜਪਾ ’ਚ ਸ਼ਾਮਲ ਹੋਣ ਮਗਰੋਂ ਖਾਲੀ ਹੋਈ ਹੈ। ਇਸ ਯਾਤਰਾ ਨੂੰ ਆਦਮਪੁਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਤਿਆਰੀ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਗੁਜਰਾਤ ’ਚ ਬੋਲੇ ਰਾਹੁਲ- ਇੱਥੇ ਕਾਂਗਰਸ ਸੱਤਾ ’ਚ ਆਈ ਤਾਂ 500 ਰੁਪਏ ’ਚ ਦੇਵਾਂਗੇ LPG ਸਿਲੰਡਰ
ਓਧਰ ਆਮ ਆਦਮੀ ਪਾਰਟੀ ਹਰਿਆਣਾ ਦੇ ਇੰਚਾਰਜ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਹੋ ਗਏ ਹਨ। ਇਸ ਦੇ ਬਾਵਜੂਦ ਭਾਰਤ ਵਿਚ ਅਨਪੜ੍ਹਤਾ ਹੈ, ਭੁੱਖਮਰੀ ਹੈ, ਬੇਰੁਜ਼ਗਾਰੀ ਹੈ, ਬੀਮਾਰੀ ਦਾ ਕੋਈ ਇਲਾਜ ਨਹੀਂ ਹੈ। ਕਿਸਾਨ ਕਰਜ਼ੇ ਹੇਠ ਦੱਬ ਕੇ ਖੁਦਕੁਸ਼ੀਆਂ ਕਰ ਰਹੇ ਹਨ। ਅਰਵਿੰਦ ਕੇਜਰੀਵਾਲ ਦੀ ਸੋਚ ਹੈ ਕਿ ਭਾਰਤ ਦੁਨੀਆ ਦਾ ਨੰਬਰ ਇਕ ਦੇਸ਼ ਬਣ ਜਾਵੇ। ਇਸ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੂਬੇ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਨ ਲਈ ਹਰਿਆਣਾ ਪਹੁੰਚਣਗੇ। ਉਨ੍ਹਾਂ ਕਿਹਾ ਕਿ ਮੇਕ ਇੰਡੀਆ ਨੰਬਰ ਵਨ ਤਹਿਤ ਮੁੱਖ ਮੰਤਰੀ ਕੇਜਰੀਵਾਲ ਨੂੰ ਸੁਣਨ ਲਈ ਸੂਬੇ ਦੇ ਹਜ਼ਾਰਾਂ ਯੂਨੀਵਰਸਿਟੀ ਵਿਦਿਆਰਥੀ ਅਤੇ ਨੌਜਵਾਨ ਪਹੁੰਚ ਰਹੇ ਹਨ।