ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਸੂਰਾਂ ਨੂੰ ਮਾਰਨ ਲਈ ਕੇਂਦਰ ਤੋਂ ਮੰਗਿਆ 1.6 ਕਰੋੜ ਦਾ ਪੈਕੇਜ
Sunday, May 17, 2020 - 06:59 PM (IST)
ਈਟਾਨਗਰ (ਭਾਸ਼ਾ)— ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਈਸਟ ਸਿਯਾਂਗ ਅਤੇ ਪਾਪੁਮ ਪਾਰੇ ਜ਼ਿਲਿਆਂ ਵਿਚ ਪਹਿਲੇ ਪੜਾਅ 'ਚ ਅਫਰੀਕਨ ਸਵਾਈਨ ਫੀਵਰ (ਏ. ਐੱਫ. ਐੱਸ.) ਤੋਂ ਪੀੜਤ 4500 ਸੂਰਾਂ ਨੂੰ ਮਾਰਨ ਲਈ ਕੇਂਦਰ ਸਰਕਾਰ ਤੋਂ 1.6 ਕਰੋੜ ਰੁਪਏ ਦੇ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ। ਇਕ ਸੀਨੀਅਰ ਮੰਤਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪਸ਼ੂ ਧਨ ਅਤੇ ਦੁੱਧ ਵਿਕਾਸ ਮੰਤਰੀ ਤਾਗੇ ਤਾਕੀ ਨੇ ਕਿਹਾ ਕਿ ਸੂਬੇ ਵਿਚ ਅਪ੍ਰੈਲ ਮਹੀਨੇ ਵਿਚ ਏ. ਐੱਫ. ਐੱਸ. ਤੋਂ ਇਕ ਹਜ਼ਾਰ ਪਾਲਤੂ ਅਤੇ ਜੰਗਲੀ ਸੂਰਾਂ ਦੀ ਜਾਨ ਗਈ ਹੈ। ਤਾਕੀ ਨੇ ਦੱਸਿਆ ਕਿ ਮੈਂ ਕੇਂਦਰੀ ਪਸ਼ੂ ਧਨ, ਦੁੱਧ ਅਤੇ ਮੱਛੀ ਪਾਲਣ ਮੰਤਰੀ ਗਿਰੀਰਾਜ ਸਿੰਘ ਦੀ 14 ਮਈ ਨੂੰ ਸਾਰੇ ਸੂਬਿਆਂ ਨਾਲ ਹੋਈ ਵੀਡੀਓ ਕਾਨਫਰੰਸਿੰਗ 'ਚ ਵਿੱਤੀ ਮਦਦ ਦੀ ਮੰਗ ਕੀਤੀ ਸੀ।
ਪਸ਼ੂ ਧਨ ਅਤੇ ਡੇਅਰੀ ਵਿਕਾਸ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਤੇਚੀ ਤਾਕੂ ਨੇ ਸੂਬੇ ਵਿਚ ਏ. ਐੱਫ. ਐੱਸ. ਕਾਰਨ ਹੁਣ ਤੱਕ ਮਰਨ ਵਾਲੇ ਸੂਰਾਂ ਦੀ ਗਿਣਤੀ 2,253 ਦੱਸੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਗਿਣਤੀ ਹੋਰ ਵੱਧਣ ਦਾ ਖਦਸ਼ਾ ਹੈ, ਕਿਉਂਕਿ ਵੱਖ-ਵੱਖ ਖੇਤਰਾਂ ਵਿਚ ਜਾਨਵਰਾਂ ਦੇ ਮਰਨ ਦੀਆਂ ਖ਼ਬਰਾਂ ਆ ਰਹੀਆਂ ਹਨ।