ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ : 29 ਉਮੀਦਵਾਰਾਂ ਦਾ ਹੈ ਅਪਰਾਧਕ ਰਿਕਾਰਡ
Tuesday, Apr 09, 2019 - 11:15 AM (IST)

ਈਟਾਨਗਰ— ਅਰੁਣਾਚਲ ਪ੍ਰਦੇਸ਼ ਦੀ 60 ਮੈਂਬਰੀ ਵਿਧਾਨ ਸਭਾ ਲਈ 11 ਅਪ੍ਰੈਲ ਨੂੰ ਹੋਣ ਵਾਲੀ ਵੋਟਿੰਗ 'ਚ 184 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚੋਂ 29 ਵਿਰੁੱਧ ਅਪਰਾਧਕ ਮਾਮਲੇ ਦਰਜ ਹਨ। ਚੋਣਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ, ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਨੇ ਇਹ ਵਿਸ਼ਲੇਸ਼ਣ ਕੀਤਾ ਹੈ। ਸੰਸਥਾ ਅਨੁਸਾਰ, ਅਪਰਾਧਕ ਰਿਕਾਰਡ ਵਾਲੇ 29 ਉਮੀਦਵਾਰਾਂ 'ਚੋਂ 9 ਕਾਂਗਰਸ ਦੇ ਹਨ। ਉੱਥੇ ਹੀ ਪਹਿਲੀ ਵਾਰ ਸਾਰੀਆਂ 60 ਸੀਟਾਂ 'ਤੇ ਚੋਣਾਂ ਲੜ ਰਹੀ ਭਾਜਪਾ ਦੇ 7 ਉਮੀਦਵਾਰਾਂ ਵਿਰੁੱਧ ਅਪਰਾਧਕ ਮਾਮਲੇ ਪੈਂਡਿੰਗ ਹਨ।
16 ਫੀਸਦੀ ਉਮੀਦਵਾਰਾਂ ਵਿਰੁੱਧ ਅਪਰਾਧਕ ਮਾਮਲੇ ਦਰਜ
ਏ.ਡੀ.ਆਰ. ਦੀ ਰਿਪੋਰਟ ਅਨੁਸਾਰ, ਚੋਣਾਂ ਲੜ ਰਹੇ ਕੁੱਲ ਉਮੀਦਵਾਰਾਂ 'ਚੋਂ 16 ਫੀਸਦੀ ਦੇ ਵਿਰੁੱਧ ਅਪਰਾਧਕ ਮਾਮਲੇ ਦਰਜ ਹਨ। 2014 'ਚ ਅਜਿਹੇ ਉਮੀਦਵਾਰਾਂ ਦੀ ਗਿਣਤੀ 6 ਫੀਸਦੀ ਸੀ। ਪਹਿਲੀ ਵਾਰ ਵਿਧਾਨ ਸਭਾ ਚੋਣਾਂ 'ਚ ਹਿੱਸਾ ਲੈ ਰਹੀ ਨੈਸ਼ਨਲ ਪੀਪਲਜ਼ ਪਾਰਟੀ ਦੇ 2 ਉਮੀਦਵਾਰਾਂ ਵਿਰੁੱਧ ਅਪਰਾਧਕ ਮਾਮਲੇ ਦਰਜ ਹਨ। ਉੱਥੇ ਹੀ ਰਾਜ 'ਚ ਪਹਿਲੀ ਵਾਰ ਸਿਆਸੀ ਦਾਅ ਲੱਗਾ ਰਹੀ ਜਨਤਾ ਦਲ (ਐੱਸ) ਦੇ ਉਮੀਦਵਾਰ ਵਿਰੁੱਧ ਅਪਰਾਧਕ ਮਾਮਲਾ ਪੈਂਡਿੰਗ ਹੈ। ਉੱਥੇ ਹੀ 11 ਆਜ਼ਾਦ ਉਮੀਦਵਾਰਾਂ 'ਚੋਂ ਇਕ ਨੇ ਆਪਣੇ ਵਿਰੁੱਧ ਅਪਰਾਧਕ ਮਾਮਲਾ ਦਰਜ ਹੋਣ ਦੀ ਗੱਲ ਕਹੀ ਹੈ।