ਆਰਟੀਕਲ-370 ਦਾ ਮਾਮਲਾ ਅਦਾਲਤ ’ਚ, ਇਸ ’ਤੇ ਨਹੀਂ ਬੋਲਾਂਗਾ: ਗੁਲਾਮ ਨਬੀ ਆਜ਼ਾਦ
Sunday, Jun 27, 2021 - 12:33 AM (IST)

ਨਵੀਂ ਦਿੱਲੀ : 24 ਜੂਨ ਨੂੰ ਜੰਮੂ-ਕਸ਼ਮੀਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁਲਾਈ ਗਈ ਸਰਬ ਪਾਰਟੀ ਬੈਠਕ ਵਿਚ ਹਿੱਸਾ ਲੈਣ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਆਰਟੀਕਲ-370 ਦਾ ਮਾਮਲਾ ਸੁਪਰੀਮ ਕੋਰਟ ਵਿਚ ਪੈਂਡਿੰਗ ਹੈ, ਇਸ ਲਈ ਮੈਂ ਇਸ ’ਤੇ ਕੁਝ ਨਹੀਂ ਬੋਲਾਂਗਾ। ਜਿੱਥੋਂ ਤਕ ਪੀ. ਡੀ. ਪੀ. ਦੀ ਨੇਤਾ ਮਹਿਬੂਬਾ ਮੁਫਤੀ ਦਾ ਸਵਾਲ ਹੈ ਤਾਂ ਉਨ੍ਹਾਂ ਵੀ ਬੈਠਕ ਵਿਚ ਇਹ ਨਹੀਂ ਕਿਹਾ ਸੀ ਕਿ ਜਦੋਂ ਤਕ ਆਰਟੀਕਲ-370 ਵਾਪਸ ਨਹੀਂ ਲਿਆ ਜਾਂਦਾ, ਉਸ ਵੇਲੇ ਤਕ ਉਨ੍ਹਾਂ ਦੀ ਪਾਰਟੀ ਚੋਣ ਨਹੀਂ ਲੜੇਗੀ। ਉਨ੍ਹਾਂ ਬੈਠਕ ਵਿਚ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਵਿਚ ਇਸ ਮਾਮਲੇ ’ਤੇ ਲੜਾਈ ਲੜਦੀ ਰਹੇਗੀ ਅਤੇ ਇਹ ਉਨ੍ਹਾਂ ਦਾ ਹੱਕ ਵੀ ਹੈ। ਇਸ ਮਾਮਲੇ ’ਚ ਸਾਰੀਆਂ ਸਿਆਸੀ ਪਾਰਟੀਆਂ ਸੁਪਰੀਮ ਕੋਰਟ ਵਿਚ ਆਪਣਾ ਵਕੀਲ ਖੜ੍ਹਾ ਕਰ ਸਕਦੀਆਂ ਹਨ। ਸਾਡੀ ਪਾਰਟੀ ਇਸ ਮਾਮਲੇ ’ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨੇਗੀ।
ਇਹ ਵੀ ਪੜ੍ਹੋ- ਟਿਕੈਤ ਦੀ ਚਿਤਾਵਨੀ- 'ਅੱਗੇ ਦੱਸਾਂਗੇ ਦਿੱਲੀ ਦਾ ਕੀ ਇਲਾਜ ਕਰਣਾ ਹੈ'
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਸਾਥੀ ਤੇ ਸੀਨੀਅਰ ਕਾਂਗਰਸੀ ਨੇਤਾ ਪੀ. ਚਿਦਾਂਬਰਮ ਤੇ ਦਿਗਵਿਜੇ ਸਿੰਘ ਨੇ ਕੱਲ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਜਦੋਂ ਤਕ 370 ਨਹੀਂ ਹਟਾਈ ਜਾਂਦੀ, ਉਸ ਵੇਲੇ ਤਕ ਕਾਂਗਰਸ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ। ਇਸ ’ਤੇ ਆਜ਼ਾਦ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੋ ਸਕਦੀ ਹੈ। ਮੈਂ ਸਰਬ ਪਾਰਟੀ ਬੈਠਕ ਵਿਚ ਕਾਂਗਰਸ ਦੀ ਨੁਮਾਇੰਦਗੀ ਕੀਤੀ ਸੀ ਅਤੇ ਪਾਰਟੀ ਦੀ ਰਾਏ ਇਹੀ ਹੈ ਕਿ ਜੋ ਸੁਪਰੀਮ ਕੋਰਟ ਦਾ ਫੈਸਲਾ ਹੋਵੇਗਾ, ਉਹ ਸਾਡੇ ਲਈ ਮੰਨਣਯੋਗ ਹੋਵੇਗਾ। ਅਸੀਂ ਆਪਣਾ ਪੱਖ ਸਿਰਫ ਸੁਪਰੀਮ ਕੋਰਟ ਵਿਚ ਹੀ ਰੱਖਾਂਗੇ।
ਇਹ ਵੀ ਪੜ੍ਹੋ- ਅਨਲੌਕ 5: ਦਿੱਲੀ 'ਚ ਖੁੱਲ੍ਹਣਗੇ ਜਿਮ ਅਤੇ ਯੋਗ ਸੰਸਥਾਨ, ਵਿਆਹ 'ਚ ਸ਼ਾਮਲ ਹੋ ਸਕਣਗੇ 50 ਲੋਕ
ਇਸ ਦੌਰਾਨ ਉਨ੍ਹਾਂ ਕਸ਼ਮੀਰੀ ਪੰਡਿਤਾਂ ਵੱਲ ਵੀ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦੇ ਤੌਰ ’ਤੇ ਉਨ੍ਹਾਂ ਕਸ਼ਮੀਰੀ ਪੰਡਿਤਾਂ ਦੀ ਭਲਾਈ ਲਈ ਬਹੁਤ ਸਾਰੇ ਕਦਮ ਚੁੱਕੇ ਸਨ ਅਤੇ ਅੱਜ ਵੀ ਉਨ੍ਹਾਂ ਨੂੰ ਮਦਦ ਦੀ ਲੋੜ ਹੈ। ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੇ ਨਿੱਜੀ ਲਗਾਅ ਸਬੰਧੀ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਅੰਦਰ ਅਤੇ ਬਾਹਰ ਦੇ ਦੋਸਤਾਂ ਦੀ ਮਿਹਰਬਾਨੀ ਹੈ। ਮੈਂ ਹਮੇਸ਼ਾ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਹੈ, ਨਾ ਕਿ ਵਿਅਕਤੀ ਖਾਸ ਦਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।