ਯੂ.ਪੀ. 'ਚ ਕੋਰੋਨਾ ਦਾ ਖੌਫ, ਨੋਇਡਾ 'ਚ ਲਾਗੂ ਹੋਈ ਧਾਰਾ 144
Thursday, Mar 19, 2020 - 12:56 AM (IST)
ਨਵੀਂ ਦਿੱਲੀ — ਪਿਛਲੇ ਕੁਝ ਦਿਨਾਂ 'ਚ ਦੇਸ਼ ਦੇ 17 ਸੂਬਿਆਂ 'ਚ ਕੋਰੋਨਾ ਵਾਇਰਸ ਆਪਣੇ ਪੈਰ ਫੈਲਾ ਚੁੱਕਾ ਹੈ। ਹਰ ਰੋਜ਼ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਐਕਸ਼ਨ 'ਚ ਆ ਗਈ ਹੈ। ਉੱਤਰ ਪ੍ਰਦੇਸ਼ ਦੇ ਜ਼ਿਲਾ ਗੌਤਮਬੁੱਧ ਨਗਰ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਨੋਇਡਾ ਸਣੇ ਕਈ ਇਲਾਕਿਆਂ 'ਚ ਤਤਕਾਲ ਪ੍ਰਭਾਵ ਨਾਲ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੀ ਉਲੰਘਣਾ ਕਰਨ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਵਾਇਰਸ ਪੀੜਤ ਦੇ ਚਾਰ ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਘਾਤਕ ਵਿਸ਼ਾਣੂ ਤੋਂ ਪੀੜਤ ਲੋਕਾਂ ਦੀ ਗਿਣਤੀ ਵਧ ਕੇ 151 ਹੋ ਗਈ ਹੈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ 'ਚ ਦਿੱਲੀ, ਕਰਨਾਟਕ ਅਤੇ ਮਹਾਰਾਸ਼ਟਰ 'ਚ ਜਾਨ ਗਵਾਉਣ ਵਾਲੇ ਤਿੰਨ ਲੋਕ ਅਤੇ 25 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।
ਮੰਤਰਾਲਾ ਨੇ ਦੱਸਿਆ ਕਿ ਪੀੜਤ ਲੋਕਾਂ ਦੇ ਸੰਪਰਕ 'ਚ ਆਏ 5700 ਤੋਂ ਜ਼ਿਆਦਾ ਲੋਕਾਂ 'ਤੇ ਕਰੀਬ ਤੋਂ ਨਜ਼ਰ ਰੱਖੀ ਜਾ ਰਹੀ ਹੈ। ਦਿੱਲੀ 'ਚ ਕੋਰੋਨਾ ਤੋਂ ਪੀੜਤ ਹੁਣ ਤਕ 10 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ ਇਕ ਵਿਦੇਸ਼ੀ ਸ਼ਾਮਲ ਹੈ ਜਦਕਿ ਉੱਤਰ ਪ੍ਰਦੇਸ਼ 'ਚ ਇਕ ਵਿਦੇਸ਼ੀ ਸਣੇ 16 ਮਾਮਲੇ ਦਰਜ ਕੀਤੇ ਗਏ ਹਨ। ਮਹਾਰਾਸ਼ਟਰ 'ਚ ਤਿੰਨ ਵਿਦੇਸ਼ੀਆਂ ਸਣੇ 42 ਮਾਮਲੇ ਸਾਹਮਣੇ ਆਏ ਹਨ, ਜਦਕਿ ਕੇਰਲ 'ਚ ਦੋ ਵਿਦੇਸ਼ੀ ਨਾਗਰਿਕਾਂ ਸਣੇ 27 ਮਾਮਲੇ ਦਰਜ ਕੀਤੇ ਗਏ ਹਨ। ਕਰਨਾਟਕ 'ਚ ਕੋਰੋਨਾ ਵਾਇਰਸ ਦੇ 11 ਮਰੀਜ਼ ਹਨ। ਲੱਦਾਖ 'ਚ 8 ਮਾਮਲੇ ਹੋ ਗਏ ਹਨ ਅਤੇ ਜੰਮੂ ਕਸ਼ਮੀਰ 'ਚ ਇਸ ਦੀ ਗਿਣਤੀ ਵਧ ਕੇ ਤਿੰਨ ਹੋ ਗਈ ਹੈ।