ਅਰਪਿਤਾ ਮੁਖਰਜੀ ਦੀ ਜਾਨ ਨੂੰ ਖ਼ਤਰਾ, ED ਨੇ ਕਿਹਾ- ਉਸ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਪਹਿਲਾਂ ਹੋਵੇ ਜਾਂਚ
Saturday, Aug 06, 2022 - 11:01 AM (IST)
ਨੈਸ਼ਨਲ ਡੈਸਕ- ਪੱਛਮੀ ਬੰਗਾਲ ’ਚ ਅਧਿਆਪਕ ਭਰਤੀ ਘਪਲੇ ਮਾਮਲੇ ’ਚ ਹਿਰਾਸਤ ’ਚ ਲਈ ਗਈ ਅਰਪਿਤਾ ਮੁਖਰਜੀ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡਾ ਖ਼ੁਲਾਸਾ ਕੀਤਾ ਹੈ। ਈਡੀ ਮੁਤਾਬਕ ਅਰਪਿਤਾ ਮੁਖਰਜੀ ’ਤੇ ਜਾਨਲੇਵਾ ਹਮਲਾ ਹੋ ਸਕਦਾ ਹੈ, ਉਸ ਦੀ ਜਾਨ ਨੂੰ ਖ਼ਤਰਾ ਹੈ ਈਡੀ ਨੇ ਅਪੀਲ ਕੀਤੀ ਹੈ ਕਿ ਜਿਸ ਜੇਲ੍ਹ ’ਚ ਅਰਪਿਤਾ ਨੂੰ ਰੱਖਿਆ ਗਿਆ ਹੈ, ਉੱਥੇ ਉਸ ਦੇ ਖਾਣ-ਪੀਣ ਦੀ ਜਾਂਚ ਹੋਵੇ। ਉੱਥੇ ਹੀ ਅਰਪਿਤਾ ਨੂੰ 4 ਤੋਂ ਜ਼ਿਆਦਾ ਕੈਦੀਆਂ ਨਾਲ ਨਾ ਰੱਖਿਆ ਜਾਵੇ।
ਇਹ ਵੀ ਪੜ੍ਹੋ- ਅਰਪਿਤਾ ਮੁਖਰਜੀ ਦੇ ਅਪਾਰਟਮੈਂਟ ’ਚੋਂ ਮਿਲਿਆ ਸੋਨਾ ਅਤੇ 28 ਕਰੋੜ ਕੈਸ਼, ਗਿਣਨ ਨੂੰ ਲੱਗੀ ਪੂਰੀ ਰਾਤ
ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੀ ਕੋਰਟ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ ਅਰਪਿਤਾ ਸੁਰੱਖਿਅਤ ਨਹੀਂ ਹੈ, ਉਸ ਦੀ ਜਾਨ ਨੂੰ ਖ਼ਤਰਾ ਹੈ। ਅਜਿਹੇ ਵਿਚ ਉਸ ਨੂੰ ਜੋ ਵੀ ਖਾਣਾ ਦਿੱਤਾ ਜਾਵੇ, ਉਸ ਦੀ ਪਹਿਲਾਂ ਜਾਂਚ ਜ਼ਰੂਰੀ ਹੈ। ਓਧਰ ਅਰਪਿਤਾ ਦੀ ਵਕੀਲ ਨੇ ਵੀ ਦਾਅਵਾ ਕੀਤਾ ਕਿ ਉਸ ਦੀ ਮੁਵਕਿੱਲ ਯਾਨੀ ਕਿ ਅਰਪਿਤਾ ਦੀ ਜਾਨ ਨੂੰ ਖ਼ਤਰਾ ਹੈ। ਵਕੀਲ ਨੇ ਅਰਪਿਤਾ ਲਈ ਇਕ ਡਿਵੀਜ਼ਨ ਕੈਦੀ ਸ਼੍ਰੇਣੀ ਦੀ ਮੰਗ ਕੀਤੀ ਅਤੇ ਉਸ ਦੇ ਭੋਜਨ ਅਤੇ ਪਾਣੀ ਦੀ ਪਹਿਲਾਂ ਤੋਂ ਜਾਂਚ ਦੀ ਗੱਲ ਆਖੀ।
ਇਹ ਵੀ ਪੜ੍ਹੋ- ਪਾਰਥ ਚੈਟਰਜੀ ’ਤੇ ਔਰਤ ਨੇ ਸੁੱਟੀ ਜੁੱਤੀ, ਬੋਲੀ- ਜਨਤਾ ਦਾ ਪੈਸਾ ਲੈ ਕੇ AC ਗੱਡੀ ’ਚ ਘੁੰਮਦਾ ਹੈ
ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਸਾਬਕਾ ਸਿੱਖਿਆ ਮੰਤਰੀ ਪਾਰਥ ਚੈਟਰਜੀ ਅਤੇ ਉਨ੍ਹਾਂ ਦੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਕੋਲਕਾਤਾ ਦੀ ਇਕ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ 18 ਅਗਸਤ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ਦੇ ਜੱਜ ਜਿਬੋਨ ਕੁਮਾਰ ਸਾਧੂ ਨੇ ਈਡੀ ਦੀ ਬੇਨਤੀ ’ਤੇ ਚੈਟਰਜੀ ਅਤੇ ਮੁਖਰਜੀ ਨੂੰ 14-14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਅਦਾਲਤ ਨੇ ਸਾਬਕਾ ਮੰਤਰੀ ਚੈਟਰਜੀ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਚੈਟਰਜੀ ਤੇ ਮੁਖਰਜੀ ਨੂੰ 18 ਅਗਸਤ ਨੂੰ ਮਾਮਲੇ ਦੀ ਮੁੜ ਸੁਣਵਾਈ ਹੋਣ ’ਤੇ ਪੇਸ਼ ਕਰਨ ਲਈ ਕਿਹਾ।
ਇਹ ਵੀ ਪੜ੍ਹੋ- ਜਾਣੋ ਕੌਣ ਹੈ ਅਰਪਿਤਾ ਮੁਖਰਜੀ? ਜਿਸ ਦੇ ਘਰ ’ਚ ਛਾਪੇਮਾਰੀ ’ਚ ED ਨੂੰ ਮਿਲੇ 20 ਕਰੋੜ ਰੁਪਏ
ਸਕੂਲ ਸੇਵਾ ਕਮਿਸ਼ਨ (ਐੱਸ. ਐੱਸ. ਸੀ.) ਵਲੋਂ ਕੀਤੀਆਂ ਗਈਆਂ ਭਰਤੀਆਂ ਵਿਚ ਕਥਿਤ ਬੇਨਿਯਮੀ ਵਿਚ ਪੈਸੇ ਦੇ ਲੈਣ-ਦੇਣ ਨਾਲ ਜੁੜੀ ਜਾਂਚ ਦੇ ਸਿਲਸਿਲੇ ਵਿਚ 23 ਜੁਲਾਈ ਨੂੰ ਚੈਟਰਜੀ ਅਤੇ ਮੁਖਰਜੀ ਨੂੰ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਹੀ ਉਹ ਈ. ਡੀ. ਦੀ ਹਿਰਾਸਤ ਵਿਚ ਸਨ। ਈ. ਡੀ. ਨੇ ਦਾਅਵਾ ਕੀਤਾ ਹੈ ਕਿ ਉਸ ਨੇ ਮੁਖਰਜੀ ਦੀ ਮਾਲਕੀਅਤ ਵਾਲੇ ਘਰਾਂ ਵਿਚੋਂ 50 ਕਰੋੜ ਰੁਪਏ ਨਕਦੀ, ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਏਜੰਸੀ ਨੂੰ ਜਾਇਦਾਦਾਂ ਅਤੇ ਕੰਪਨੀਆਂ ਨਾਲ ਸੰਬੰਧਤ ਦਸਤਾਵੇਜ਼ ਵੀ ਮਿਲੇ ਹਨ। ਦੋਵਾਂ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।