LoC ਦੇ ਪਾਰ ਘੁਸਪੈਠ ਦੀ ਫਿਰਾਕ ''ਚ ਹਨ ਕਰੀਬ 150 ਅੱਤਵਾਦੀ

Friday, Oct 11, 2024 - 05:25 PM (IST)

ਸ਼੍ਰੀਨਗਰ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਦੀਆਂ ਦਾ ਮੌਸਮ ਨੇੜੇ ਆਉਣ ਦੇ ਨਾਲ ਹੀ ਕਸ਼ਮੀਰ ਘਾਟੀ 'ਚ ਘੁਸਪੈਠ ਕਰਨ ਲਈ ਕਰੀਬ 150 ਅੱਤਵਾਦੀ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਪਾਰ ਵੱਖ-ਵੱਖ 'ਲਾਂਚ ਪੈਡ' 'ਤੇ ਇੰਤਜ਼ਾਰ ਕਰ ਰਹੇ ਹਨ ਪਰ ਸੁਰੱਖਿਆ ਬਲ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰ ਦੇਣਗੇ। ਬੀਐੱਸਐੱਫ ਦੇ ਇੰਸਪੈਕਟਰ ਜਨਰਲ (ਕਸ਼ਮੀਰ ਫਰੰਟੀਅਰ) ਅਸ਼ੋਕ ਯਾਦਵ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ,''ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ। ਵੱਖ-ਵੱਖ ਏਜੰਸੀਆਂ ਤੋਂ ਮਿਲੀ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਅਸੀਂ ਸਰਹੱਦ 'ਤੇ ਕੰਟਰੋਲ ਦੀ ਯੋਜਨਾ ਬਣਾਉਣ ਲਈ ਫੌਜ ਨਾਲ ਤਾਲਮੇਲ ਕਰਦੇ ਹਾਂ।'' ਉਨ੍ਹਾਂ ਕਿਹਾ,''ਅਸੀਂ 'ਲਾਂਚਿੰਗ ਪੈਡ' 'ਤੇ ਅੱਤਵਾਦੀਆਂ ਦੀ ਗਿਣਤੀ ਨੂੰ ਵੀ ਧਿਆਨ ਵਿਚ ਰੱਖਦੇ ਹਾਂ, ਜਿਸ ਨਾਲ ਸਾਨੂੰ ਆਪਣੀ ਰਣਨੀਤੀ ਬਣਾਉਣ ਅਤੇ ਅੱਤਵਾਦੀਆਂ ਨੂੰ ਕਾਬੂ ਕਰਨ ਦੀ ਯੋਜਨਾ ਨੂੰ ਆਕਾਰ ਦੇਣ 'ਚ ਮਦਦ ਮਿਲਦੀ ਹੈ।'' ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰ ਦੇਣਗੇ। ਇਹ ਪੁੱਛੇ ਜਾਣ 'ਤੇ ਕਿ ਲਾਂਚ ਪੈਡ 'ਤੇ ਕਿੰਨੇ ਅੱਤਵਾਦੀ ਇੰਤਜ਼ਾਰ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ,"ਲਾਂਚ ਪੈਡ 'ਤੇ ਅੱਤਵਾਦੀਆਂ ਦੀ ਗਿਣਤੀ ਆਮ ਤੌਰ 'ਤੇ 130 ਤੋਂ 150 ਦੇ ਵਿਚਕਾਰ ਹੁੰਦੀ ਹੈ ਅਤੇ ਕਈ ਵਾਰ ਇਹ ਥੋੜ੍ਹੀ ਵੱਧ ਵੀ ਹੋ ਸਕਦੀ ਹੈ।"

ਇਹ ਵੀ ਪੜ੍ਹੋ : ਵੱਡਾ ਹਾਦਸਾ! ਟਰੇਨਿੰਗ ਦੌਰਾਨ ਫਟ ਗਿਆ ਤੋਪ ਦਾ ਗੋਲਾ, 2 ਅਗਨੀਵੀਰਾਂ ਦੀ ਮੌਤ

ਜੰਮੂ-ਕਸ਼ਮੀਰ 'ਚ ਸ਼ਾਂਤੀਪੂਰਨ ਵਿਧਾਨ ਸਭਾ ਚੋਣਾਂ ਕਰਵਾਉਣ ਦੀਆਂ ਚੁਣੌਤੀਆਂ 'ਤੇ ਯਾਦਵ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਜੰਮੂ-ਕਸ਼ਮੀਰ ਪੁਲਸ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ। ਉਨ੍ਹਾਂ ਕਿਹਾ,''ਖ਼ਤਰੇ ਦੀਆਂ ਕਈ ਸੂਚਨਾਵਾਂ ਸਨ ਪਰ ਚੰਗੀ ਤਰ੍ਹਾਂ ਨਾਲ ਤਾਲਮੇਲ ਯੋਜਨਾ ਦੇ ਨਾਲ, ਅਸੀਂ ਕੋਈ ਹਮਲਾ ਨਹੀਂ ਹੋਣ ਦਿੱਤਾ ਅਤੇ ਚੋਣਾਂ ਸਫ਼ਲ ਰਹੀਆਂ। ਹੁਣ, ਸਰਦੀਆਂ ਦੇ ਕਰੀਬ ਹੋਣ ਦੇ ਨਾਲ, ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਸਰਦੀਆਂ ਦੇ ਆਉਣ ਤੋਂ ਪਹਿਲੇ, ਅੱਤਵਾਦੀ ਹਮੇਸ਼ਾ ਘੁਸਪੈਠ ਦੀ ਕੋਸ਼ਿਸ਼ ਕਰਦੇ ਹਨ ਅਤੇ ਅਸੀਂ ਉਸ ਹਿਸਾਬ ਨਾਲ ਖੇਤਰ 'ਤੇ ਆਪਣਾ ਕੰਟਰੋਲ ਕਰ ਰਹੇ ਹਾਂ।''  ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਅੱਤਵਾਦ (ਨਾਰਕੋ ਟੈਰਿਜ਼ਮ) ਬਾਰੇ ਇਕ ਸਵਾਲ 'ਤੇ ਯਾਦਵ ਨੇ ਕਿਹਾ ਕਿ ਕੰਟਰੋਲ ਰੇਖਾ ਦੇ ਉਸ ਪਾਰ ਤੋਂ ਨਸ਼ੀਲੇ ਪਦਾਰਥ ਆਉਂਦੇ ਹਨ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਲਈ ਇਹ ਸਰੋਤ ਹੁੰਦੇ ਹਨ। ਉਨ੍ਹਾਂ ਕਿਹਾ,''ਕੰਟਰੋਲ ਰੇਖਾ 'ਤੇ ਕੁਝ ਪਿੰਡ ਹਨ, ਤੰਗਧਾਰ ਅਤੇ ਕੇਰਨ ਸੈਕਟਰ ਵਰਗੇ ਕੁਝ ਸੰਵੇਦਨਸ਼ੀਲ ਖੇਤਰ ਹਨ ਪਰ ਅਸੀਂ ਨਸ਼ੀਲੇ ਪਦਾਰਥਾਂ ਦੀ ਆਮਦ ਨੂੰ ਰੋਕਣ ਲਈ ਮੋਬਾਇਲ ਬੰਕਰ ਅਤੇ ਮਹਿਲਾ ਫ਼ੌਜੀਆਂ ਨੂੰ ਤਾਇਨਾਤ ਕੀਤਾ ਹੈ, ਕਿਉਂਕਿ ਅਜਿਹੀ ਸੂਚਨਾ ਸੀ ਕਿ ਉਹ ਕੁਝ ਔਰਤਾਂ ਨੂੰ ਕੁਰੀਅਰ ਵਜੋਂ ਇਸਤੇਮਾਲ ਕਰ ਸਕਦੇ ਹਨ। ਇਸ ਦਾ ਬਹੁਤ ਵੱਡਾ ਪ੍ਰਭਾਵ ਪਿਆ ਹੈ ਅਤੇ ਅਸੀਂ ਇਸ ਨੂੰ ਕਾਫ਼ੀ ਹੱਦ ਤੱਕ ਘੱਟ ਕਰਨ 'ਚ ਸਫ਼ਲ ਰਹੇ ਹਾਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News