ਜੰਮੂ-ਕਸ਼ਮੀਰ 'ਚ ਬਰਫ਼ ਖਿਸਕਣ ਕਾਰਨ ਲਪੇਟ 'ਚ ਆਇਆ ਫ਼ੌਜ ਜਵਾਨ ਸ਼ਹੀਦ, ਦੋ ਜ਼ਖਮੀ
Wednesday, Nov 18, 2020 - 11:54 AM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨਾਲ ਲੱਗਦੇ ਤੰਗਧਾਰ ਸੈਕਟਰ 'ਚ ਮੰਗਲਵਾਰ ਸ਼ਾਮ ਨੂੰ ਇਕ ਫ਼ੌਜੀ ਚੌਂਕੀ ਬਰਫ ਖਿਸਕਣ ਕਾਰਨ ਉਸ ਦੀ ਲਪੇਟ 'ਚ ਆਈ ਗਈ, ਜਿਸ ਕਾਰਨ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਫ਼ੌਜ ਦੀ ਮੋਹਰੀ ਚੌਂਕੀ 'ਰੌਸ਼ਨ' ਕੱਲ ਸ਼ਾਮ ਕਰੀਬ 8 ਵਜੇ ਬਰਫ਼ ਦੀ ਲਪੇਟ ਵਿਚ ਆ ਗਈ, ਜਿਸ ਕਾਰਨ 3 ਜਵਾਨ ਬਰਫ਼ 'ਚ ਦੱਬੇ ਗਏ। ਤੁਰੰਤ ਰਾਹਤ ਕੰਮ ਸ਼ੁਰੂ ਕੀਤਾ ਗਿਆ। ਤਿੰਨੋਂ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਇਕ ਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਜਵਾਨਾਂ ਦੀ ਪਹਿਚਾਣ ਰਾਈਫਲਮੈਨ ਨਿਖਿਲ ਸ਼ਰਮਾ ਅਤੇ 7 ਰਾਸ਼ਟਰੀ ਰਾਈਫਲਜ਼ ਦੇ ਰਮੇਸ਼ ਚੰਦ ਅਤੇ ਗੁਰਵਿੰਦਰ ਸਿੰਘ ਦੇ ਰੂਪ ਵਿਚ ਕੀਤੀ ਗਈ ਹੈ। ਇਨ੍ਹਾਂ ਵਿਚੋਂ ਨਿਖਿਲ ਸ਼ਰਮਾ ਬਰਫਬਾਰੀ ਦੀ ਲਪੇਟ 'ਚ ਆ ਗਿਆ। ਦੱਸ ਦੇਈਏ ਕਿ ਆਫ਼ਤ ਪ੍ਰਬੰਧਨ ਨੇ ਹਾਲ ਹੀ ਵਿਚ ਕੁਪਵਾੜਾ, ਗੰਦੇਰਬਲ, ਬਾਰਾਮੂਲਾ ਅਤੇ ਬੰਦੀਪੋਰਾ ਦੇ ਉੱਪਰੀ ਇਲਾਕਿਆਂ ਵਿਚ ਸ਼ਨੀਵਾਰ ਤੋਂ ਤਿੰਨ ਦਿਨਾਂ ਤੱਕ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋਣ ਦੀ ਚਿਤਾਵਨੀ ਜਾਰੀ ਕੀਤੀ ਸੀ।