ਜੰਮੂ ਕਸ਼ਮੀਰ : ਊਧਮਪੁਰ ’ਚ ਫ਼ੌਜ ਦਾ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ, 2 ਪਾਇਲਟ ਜ਼ਖਮੀ

Tuesday, Sep 21, 2021 - 01:37 PM (IST)

ਜੰਮੂ- ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਮੰਗਲਵਾਰ ਨੂੰ ਫ਼ੌਜ ਦਾ ਇਕ ਚੀਤਾ ਹੈਲੀਕਾਪਟਰ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨਾਲ 2 ਪਾਇਲਟ ਜ਼ਖਮੀ ਹੋ ਗਏ। ਜੰਮੂ ਰੱਖਿਆ ਬੁਲਾਰੇ ਨੇ ਇੱਥੇ ਦੱਸਿਆ ਕਿ ਊਧਮਪੁਰ ਜ਼ਿਲ੍ਹੇ ਦੇ ਪਟਨੀਟਾਪ ਖੇਤਰ ’ਚ ਭਾਰਤੀ ਫ਼ੌਜ ਦਾ ਇਕ ਚੀਤਾ ਹੈਲੀਕਾਪਟਰ ਸਿਖਲਾਈ ਉਡਾਣ ਦੌਰਾਨ ਸ਼ਿਵ ਗੜ੍ਹ ਧਾਰ ਇਲਾਕੇ ’ਚ ਉਤਰਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਕਿਹਾ ਕਿ ਹਾਦਸੇ ’ਚ 2 ਪਾਇਲਟ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸੁਰੱਖਿਅਤ ਕੱਢ ਕੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੀ ਇਕ ਟੀਮ ਤੁਰੰਤ ਇਲਾਕੇ ਵੱਲ ਰਵਾਨਾ ਕੀਤੀ ਗਈ।

ਇਹ ਵੀ ਪੜ੍ਹੋ : ਚਮੋਲੀ ’ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਕਈ ਘਰਾਂ ’ਚ ਦਾਖ਼ਲ ਹੋਇਆ ਮਲਬਾ

ਉਨ੍ਹਾਂ ਕਿਹਾ ਕਿ ਇਲਾਕੇ ’ਚ ਸੰਘਣੀ ਧੁੰਦ ਛਾਈ ਹੋਈ ਹੈ ਅਤੇ ਖ਼ਰਾਬ ਦ੍ਰਿਸ਼ਤਾ ਕਾਰਨ ਹੈਲੀਕਾਪਟਰ ਕਥਿਤ ਤੌਰ ’ਤੇ ਹਾਦਸੇ ਦਾ ਸ਼ਿਕਾਰ ਹੋਇਆ ਹੋਵੇਗਾ। ਇਸ ਵਿਚ ਊਧਮਪੁਰ-ਰਿਆਸੀ ਪੁਲਸ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਸੁਲੇਮਾਨ ਚੌਧਰੀ ਨੇ ਕਿਹਾ ਕਿ ਹੈਲੀਕਾਪਟਰ ਹਾਦਸੇ ਬਾਰੇ ਸੂਚਨਾ ਮਿਲੀ ਹੈ ਅਤੇ ਟੀਮਾਂ ਮੌਕੇ ’ਤੇ ਭੇਜੀਆਂ ਗਈਆਂ ਹਨ। ਡੀ.ਆਈ.ਜੀ. ਨੇ ਕਿਹਾ ਕਿ ਇਲਾਕੇ ’ਚ ਸੰਘਣੀ ਛੁੰਦ ਛਾਈ ਹੋਣ ਕਾਰਨ ਹਾਲੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਹੈਲੀਕਾਪਟਰ ’ਚ ਖ਼ਰਾਬੀ ਆਈ ਜਾਂ ਲੈਂਡਿੰਗ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋਇਆ। ਦੱਸਣਯੋਗ ਹੈ ਕਿ ਕਠੁਆ ਜ਼ਿਲ੍ਹੇ ਦੇ ਬਸ਼ੋਲੀ ਇਲਾਕੇ ’ਚ ਰੰਜੀਤ ਸਾਗਰ ਝੀਲ ਬੰਨ੍ਹ ਇਲਾਕੇ ’ਚ ਇਸ ਸਾਲ ਤਿੰਨ ਅਗਸਤ ਨੂੰ ਫ਼ੌਜ ਦਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਸੀ। ਉਸ ਹਾਦਸੇ ’ਚ 2 ਪਾਇਲਟਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਭਦਰਵਾਹ ’ਚ ਗੇਂਦਾ ਫੁੱਲ ਦੀ ਖੇਤੀ ਵੱਲ ਵਧਿਆ ਕਿਸਾਨਾਂ ਦਾ ਰੁਝਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News