ਫ਼ੌਜ ਦਿਹਾੜੇ 'ਤੇ ਵਿਸ਼ੇਸ਼- ਸਰਹੱਦਾਂ 'ਤੇ ਜੂਝਣ ਵਾਲੇ ਬਹਾਦਰ ਫ਼ੌਜੀਆਂ ਨੂੰ ਸਲਾਮ, ਜਾਣੋ ਭਾਰਤੀ ਫ਼ੌਜ ਦਾ ਇਤਿਹਾਸ

Friday, Jan 15, 2021 - 01:39 AM (IST)

ਮੈਂ ਦਾਅਵਾ ਕਰਦਾ ਹਾਂ ਕਿ- “ਮੈਂ ਭਾਰਤ ਦੇ ਸੰਵਿਧਾਨ ਦਾ ਵਫ਼ਾਦਾਰ ਰਹਾਂਗਾ। ਭਾਵੇਂ ਇਸ ਲਈ ਮੈਨੂੰ ਆਪਣੇ ਜੀਵਨ ਦੀ ਕੁਰਬਾਨੀ ਹੀ ਕਿਉਂ ਨਾ ਦੇਣੀ ਪਏ। ਮੇਰੀ ਆਪਣੀ ਸਹੂਲਤ, ਆਰਾਮ ਅਤੇ ਸੁਰੱਖਿਆ ਹਮੇਸ਼ਾ ਅਖੀਰ ਵਿੱਚ ਆਉਣਗੇ”। ਇਹ ਸ਼ੁਰੂਆਤ ਹੈ ਸਾਹਸ ਦੇ ਸਫਰ ਦੀ। ਹਰ ਫੌਜੀ ਫੌਜ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ ਸਹੁੰ ਚੁੱਕਦਾ ਹੈ। ਹਰ ਸਾਲ ਅਣਗਿਣਤ ਫੌਜੀ ਇਸ ਸਹੁੰ ਨੂੰ ਨਿਭਾਉਂਦੇ ਹੋਏ ਮਾਤ ਭੂਮੀ 'ਤੇ ਆਪਣੀ ਜਾਨ ਦੀ ਕੁਰਬਾਨੀ ਦਿੰਦੇ ਹਨ। 15 ਜਨਵਰੀ ਨੂੰ ਫੌਜ ਦਿਵਸ ਮਨਾਇਆ ਜਾਂਦਾ ਹੈ। ਆਓ, ਆਪਣੀ ਫੌਜ ਨਾਲ ਜੁੜੇ ਕੁੱਝ ਤੱਥ ਜਾਣੀਏ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਆਪਣੇ ਫੌਜੀਆਂ ਦੀ ਬਹਾਦਰੀ ਤੋਂ ਜਾਣੂ ਕਰਾਈਏ।  

ਆਜ਼ਾਦੀ ਦੇ ਤੁਰੰਤ ਬਾਅਦ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲੀ ਲੜਾਈ ਕਸ਼ਮੀਰ ਨੂੰ ਲੈ ਕੇ ਹੋਈ।  ਇਹ ਸਾਡੇ ਫੌਜੀਆਂ ਦੀ ਬਹਾਦਰੀ ਦਾ ਨਤੀਜਾ ਸੀ ਕਿ ਕਸ਼ਮੀਰ ਦੇ ਇੱਕ ਵੱਡੇ ਹਿੱਸੇ ਨੂੰ ਪਾਕਿਸਤਾਨੀ ਫੌਜ ਦੇ ਗੈਰ-ਕਾਨੂੰਨੀ ਕਬਜੇ ਤੋਂ ਬਚਾਇਆ ਜਾ ਸਕਿਆ। ਭਾਰਤੀ ਫੌਜੀਆਂ ਵੱਲੋਂ ਵਿਖਾਈ ਗਈ ਹਿੰਮਤ ਅਤੇ ਬਹਾਦਰੀ ਨੇ ਭਾਰਤ ਦੀ ਕਿਸਮਤ ਨੂੰ ਬਦਲ ਦਿੱਤਾ। ਸਾਲ 1962 ਵਿੱਚ ਚੀਨ ਨਾਲ ਲੜਾਈ ਦੇ ਰੂਪ ਵਿੱਚ ਦੇਸ਼ ਨੂੰ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਦੁਸ਼ਮਣ ਸਾਥੋਂ ਜ਼ਿਆਦਾ ਤਾਦਾਦ ਵਿੱਚ 14000 ਫੁੱਟ ਦੀ ਉਚਾਈ ਤੋਂ ਲਗਾਤਾਰ ਹਮਲਾ ਕਰ ਰਿਹਾ ਸੀ। ਉਦੋਂ ਸਾਡੇ ਬਹਾਦਰ ਫੌਜੀਆਂ ਨੇ ਦੇਸ਼ ਦੇ ਸਨਮਾਨ ਲਈ ਉਨ੍ਹਾਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ। ਉਨ੍ਹਾਂ ਦੀ ਅਮਰ ਕੁਰਬਾਨੀ ਨੇ ਭਾਰਤੀ ਫੌਜ ਦੀ ਦੇਸ ਭਗਤੀ ਦੇ ਸੰਕਲਪ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ। ਸੀਮਤ ਸਰੋਤਾਂ ਅਤੇ ਰਾਜਨੀਤਕ ਕਮੀਆਂ ਨੂੰ ਫੌਜੀਆਂ ਨੇ ਆਪਣੀ ਜਾਨ ਦੇ ਕੇ ਪੂਰਾ ਕੀਤਾ। ਸਾਲ 1965 ਵਿੱਚ ਪਾਕਿਸਤਾਨ ਨੇ ਇੱਕ ਵਾਰ ਫਿਰ ਕਸ਼ਮੀਰ ਦੇ ਬਹਾਨੇ ਲੜਾਈ ਕੀਤੀ।

ਦੁਸ਼ਮਣ ਨੇ 1971 ਵਿੱਚ ਇੱਕ ਵਾਰ ਫਿਰ ਭਾਰਤ 'ਤੇ ਹਮਲਾ ਕੀਤਾ। ਇਸ ਲੜਾਈ ਵਿੱਚ ਪਾਕਿਸਤਾਨ ਨੂੰ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਪੂਰਬੀ ਪਾਕਿਸਤਾਨ ਆਜ਼ਾਦ ਹੋ ਗਿਆ ਅਤੇ ਇੱਕ ਨਵਾਂ ਦੇਸ਼,  ਬੰਗਲਾਦੇਸ਼ ਦੁਨੀਆ ਦੇ ਨਕਸ਼ੇ ਵਿੱਚ ਆਇਆ। ਸਾਲ 1984 ਵਿੱਚ ਭਾਰਤੀ ਫੌਜੀਆਂ ਨੂੰ ਹਵਾਈ ਫੌਜ ਵੱਲੋਂ ਗਲੇਸ਼ੀਅਰ ਦੀਆਂ ਉਨ੍ਹਾਂ ਚੋਟੀਆਂ 'ਤੇ ਪਹੁੰਚਾਇਆ ਗਿਆ, ਜਿੱਥੇ ਦੁਸ਼ਮਣ ਨੂੰ ਉਮੀਦ ਵੀ ਨਹੀਂ ਸੀ ਕਿ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੀ ਮੌਤ ਉਨ੍ਹਾਂ ਦਾ ਰਸਤਾ ਵੇਖ ਰਹੀ ਹੈ। ਸਾਲ 1999 ਵਿੱਚ ਪਾਕਿਸਤਾਨ ਨਾਲ ਕਾਰਗਿਲ ਲੜਾਈ ਹੋਈ। ਘੁਸਪੈਠੀ ਪਾਕਿਸਤਾਨੀ ਫੌਜ ਅਤੇ ਅੱਤਵਾਦੀਆਂ ਨੂੰ ਆਪਣੀ ਸਰਹੱਦ ਤੋਂ ਭਜਾਉਣ ਲਈ ਫੌਜ ਨੇ ਅਹਿਮ ਭੂਮਿਕਾ ਨਿਭਾਈ। ਆਪਰੇਸ਼ਨ ਵਿਜੇ ਹੁਣ ਵੀ ਸਾਡੇ ਦਿਮਾਗ 'ਚ ਹੈ ਅਤੇ ਸਾਡੇ ਫੌਜੀਆਂ ਦੀ ਬਹਾਦਰੀ ਦੀਆਂ ਅਣਗਿਣਤ ਕਹਾਣੀਆਂ ਵੀ। ਪਰਮਵੀਰ ਕੈਪਟਨ ਵਿਕਰਮ ਬਤਰਾ ਦਾ ਜੋਸ਼ ਭਰਿਆ ਨਾਅਰਾ 'ਯੇ ਦਿਲ ਮਾਂਗੇ ਮੋਰ' ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਇਨ੍ਹਾਂ ਯੁੱਧਾਂ ਤੋਂ ਇਲਾਵਾ ਸਾਡੇ ਫੌਜੀਆਂ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਫੌਜ ਦੇ ਰੂਪ ਵਿੱਚ ਵਿਸ਼ਵ ਭਰ ਵਿੱਚ ਆਪਣੀ ਬਹਾਦਰੀ ਅਤੇ  ਕਰਤੱਵ ਅਪਰਾਇਣਤਾ ਦਾ ਆਪਣਾ ਲੋਹਾ ਮਨਵਾਇਆ ਹੈ। ਮਾਲਦੀਵ, ਸ਼੍ਰੀਲੰਕਾ, ਭੂਟਾਨ ਆਦਿ ਵਿੱਚ ਵੱਡੇ ਫੌਜੀ ਮੁਹਿੰਮ ਵੀ ਸਾਡੀਆਂ ਫੌਜਾਂ ਨੇ ਸਫਲਤਾਪੂਰਵਕ ਕੀਤੇ ਅਤੇ ਖੇਤਰ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਯੋਗਦਾਨ ਦਿੱਤਾ। ਇਸ ਦੇ ਨਾਲ ਹੀ ਕੁਦਰਤੀ ਅਤੇ ਮਨੁੱਖ ਦੁਆਰਾ ਬਣੀਆਂ ਆਫ਼ਤਾਂ ਵਿੱਚ ਸਾਡੀ ਫੌਜ ਦੇਸ਼ ਦਾ ਅੰਤਿਮ ਸਹਾਰਾ ਬਣੀ ਹੈ ਅਤੇ ਹਮੇਸ਼ਾ ਹੀ ਹਰ ਮਾਪਦੰਡ 'ਤੇ ਖਰੀ ਉਤਰੀ ਹੈ। ਫੌਜ ਦਿਵਸ ਮੌਕੇ ਆਪਣੀ ਫੌਜ ਦੇ ਸੁਨਹਿਰੀ ਇਤਿਹਾਸ ਨੂੰ ਫਿਰ ਯਾਦ ਕੀਤਾ ਜਾਣਾ ਚਾਹੀਦਾ ਹੈ।

ਭਾਰਤੀ ਫੌਜ ਦਾ ਇਤਿਹਾਸ-
ਭਾਰਤੀ ਫੌਜ ਦੀ ਸਥਾਪਨਾ ਹੁਣ ਤੋਂ ਲੱਗਭੱਗ 123 ਸਾਲ ਪਹਿਲਾਂ 1 ਅਪ੍ਰੈਲ 1895 ਨੂੰ ਅੰਗ੍ਰੇਜਾਂ ਦੁਆਰਾ ਕੀਤੀ ਗਈ ਸੀ ਪਰ ਭਾਰਤ ਵਿੱਚ ਫੌਜ ਦਿਵਸ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਫੌਜੀ ਪਰੇਡਾਂ, ਫੌਜੀ ਪ੍ਰਦਰਸ਼ਨੀਆਂ ਅਤੇ ਹੋਰ ਅਧਿਕਾਰਤ ਸਮਾਗਮਾਂ ਨਾਲ ਨਵੀਂ ਦਿੱਲੀ ਅਤੇ ਸਾਰੇ ਫੌਜੀ ਮੁੱਖ ਦਫਤਰਾਂ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਉਨ੍ਹਾਂ ਸਾਰੇ ਬਹਾਦਰ ਲੜਾਕਿਆਂ ਨੂੰ ਸਲਾਮੀ ਵੀ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ। ਫੌਜ ਦਿਵਸ ਦੇ ਯਾਦਗਾਰ  ਵਿੱਚ ਹਰ ਇੱਕ ਸਾਲ ਦਿੱਲੀ ਛਾਉਣੀ ਦੇ ਕਰੀਅੱਪਾ ਗ੍ਰਾਉਂਡ ਵਿੱਚ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਦੀ ਸਲਾਮੀ ਫੌਜ ਪ੍ਰਧਾਨ ਲੈਂਦੇ ਹਨ। ਇਸ ਸਾਲ ਪਰੇਡ ਦੀ ਸਲਾਮੀ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਲੈਣਗੇ। ਭਾਰਤ ਦੀ ਆਜ਼ਾਦੀ ਤੋਂ ਬਾਅਦ 14 ਜਨਵਰੀ 1949 ਤੱਕ ਭਾਰਤੀ ਫੌਜ ਦੀ ਕਮਾਨ ਅੰਗ੍ਰੇਜ ਕਮਾਂਡਰ ਜਨਰਲ ਰਾਏ ਫਰਾਂਸਿਸ ਬੁਚਰ ਕੋਲ ਸੀ। ਹੁਣ ਭਾਰਤ ਦੀ ਸੰਪੂਰਣ ਸੱਤਾ ਭਾਰਤੀ ਹੱਥਾਂ ਵਿੱਚ ਸੌਂਪਣ ਦਾ ਸਮਾਂ ਸੀ। ਉਸ ਸਮੇਂ ਭਾਰਤ ਦੇ 3 ਸਭ ਤੋਂ ਸੀਨੀਅਰ ਅਫਸਰ ਸਨ- ਕੇ.ਐੱਮ. ਕਰੀਅੱਪਾ, ਸ਼੍ਰੀ ਨਾਗੇਸ਼ ਅਤੇ ਨਾਥੂ ਸਿੰਘ ਰਾਠੌਰ।

ਪਹਿਲਾ ਆਰਮੀ ਚੀਫ ਬਣਨ ਦੀ ਕਹਾਣੀ ਵੀ ਬਹੁਤ ਹੀ ਦਿਲਚਸਪ ਹੈ। ਇਸ ਮੁੱਦੇ 'ਤੇ ਇੱਕ ਉੱਚ ਪੱਧਰੀ ਬੈਠਕ ਚੱਲ ਰਹੀ ਸੀ। ਜਵਾਹਰ ਲਾਲ ਨਹਿਰੂ ਨੇ ਕਿਹਾ- “ਕਿਉਂਕਿ ਕਿਸੇ ਕੋਲ ਅਨੁਭਵ ਨਹੀਂ ਹੈ, ਤਾਂ ਕਿਉਂ ਨਾ ਕਿਸੇ ਅੰਗ੍ਰੇਜ ਨੂੰ ਹੀ ਫੌਜ ਪ੍ਰਧਾਨ ਬਣਾ ਦਿੱਤਾ ਜਾਵੇ”? ਉਦੋਂ ਨਾਥੂ ਸਿੰਘ ਰਾਠੌਰ ਨੇ ਕਿਹਾ ਕਿ- “ਦੇਸ਼ ਚਲਾਉਣ ਦਾ ਤਜ਼ਰਬਾ ਵੀ ਤਾਂ ਕਿਸੇ ਕੋਲ ਨਹੀਂ ਤਾਂ ਕਿਉਂ ਨਾ ਕਿਸੇ ਅੰਗ੍ਰੇਜ ਨੂੰ ਹੀ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ”। ਆਖ਼ਿਰਕਾਰ ਨਾਥੂ ਸਿੰਘ ਨੂੰ ਫੌਜ ਮੁਖੀ ਬਣਨ ਨੂੰ ਕਿਹਾ ਗਿਆ। ਨਾਥੂ ਸਿੰਘ ਨੇ ਕਿਹਾ- “ਨਹੀਂ, ਜੋ ਸਭ ਤੋਂ ਸੀਨੀਅਰ ਹੈ ਉਹ ਹੀ ਫੌਜ ਮੁਖੀ ਬਣਨਾ ਚਾਹੀਦਾ ਹੈ।” ਅਤੇ ਸਭ ਤੋਂ ਸੀਨੀਅਰ ਸਨ ਜਨਰਲ ਕਰੀਅੱਪਾ। ਇਸ ਲਈ 15 ਅਗਸਤ 1949 ਨੂੰ ਫੀਲਡ ਮਾਰਸ਼ਲ ਕੇ.ਐੱਮ. ਕਰੀਅੱਪਾ ਆਜ਼ਾਦ ਭਾਰਤ ਦੇ ਪਹਿਲੇ ਭਾਰਤੀ ਫੌਜ ਮੁਖੀ ਬਣੇ। ਕਿਉਂਕਿ ਇਹ ਮੌਕਾ ਭਾਰਤੀ ਫੌਜ ਲਈ ਬਹੁਤ ਹੀ ਮਹੱਤਵਪੂਰਣ ਸੀ, ਇਸ ਲਈ ਇਹ ਦਿਨ ਫੌਜ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜਨਰਲ ਕਰੀਅੱਪਾ ਜਦੋਂ ਫੌਜ ਮੁਖੀ ਬਣੇ, ਉਸ ਸਮੇਂ ਭਾਰਤੀ ਫੌਜ ਵਿੱਚ ਲੱਗਭੱਗ 2 ਲੱਖ ਫੌਜੀ ਸਨ। ਅੱਜ ਇਹ ਗਿਣਤੀ ਵੱਧਕੇ 13.5 ਲੱਖ ਤੱਕ ਪਹੁੰਚ ਗਈ ਹੈ। ਕਰੀਅੱਪਾ ਸਟਾਫ ਕਾਲਜ ਜਾਣ ਵਾਲੇ, ਬਟਾਲੀਅਨ ਕਮਾਂਡ ਕਰਨ ਵਾਲੇ ਅਤੇ ਇੰਪੀਰੀਅਲ ਡਿਫੈਂਸ ਕਾਲਜ ਜਾਣ ਵਾਲੇ ਪਹਿਲੇ ਭਾਰਤੀ ਅਫਸਰ ਬਣੇ। 1944 ਵਿੱਚ ਜਦੋਂ ਕਰੀਅੱਪਾ ਬ੍ਰਿਗੇਡੀਅਰ ਬਣੇ ਤਾਂ ਅਯੂਬ ਖਾਨ ਇੱਕ ਕਰਨਲ  ਦੇ ਤੌਰ 'ਤੇ ਉਨ੍ਹਾਂ ਦੇ ਜੂਨੀਅਰ ਸਨ। ਇਹੀ ਅਯੂਬ ਖਾਨ 1958 ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਬਣੇ।

ਜਨਰਲ ਕਰੀਅੱਪਾ ਨੇ ਆਪਣੇ 4 ਸਾਲ ਦੇ ਕਾਰਜਕਾਲ ਵਿੱਚ ਇਸ ਗੱਲ ਦੀ ਨੀਂਹ ਰੱਖੀ ਕਿ ਫੌਜ ਅਤੇ ਰਾਜਨੀਤੀ ਵਿੱਚ ਹਮੇਸ਼ਾਂ ਇੱਕ ਫ਼ਾਸਲਾ ਰਹੇ। ਉਨ੍ਹਾਂ ਨੇ ਫੌਜ ਦੇ ਮਾਮਲਿਆਂ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਸਖਤ ਵਿਰੋਧ ਕੀਤਾ। ਭਾਰਤੀ ਫੌਜ ਦਾ ਮੌਜੂਦਾ ਰੂਪ ਉਨ੍ਹਾਂ ਦੀ ਦੇਨ ਹੈ। ਇਹ ਪਹਿਲੇ ਚੀਫ ਸਨ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਜ਼ਾਦ ਅਤੇ ਲੋਕਤੰਤਰੀ ਭਾਰਤ ਦੀ ਫੌਜ ਹੈ। ਸਾਡੀ ਵਫ਼ਾਦਾਰੀ ਦੇਸ਼ ਦੇ ਨਾਲ ਰਹੇਗੀ ਅਤੇ ਪਾਰਟੀ ਦੀ ਰਾਜਨੀਤੀ ਤੋਂ ਅਸੀਂ ਦੂਰ ਰਹਾਂਗੇ। ਜਨਰਲ ਕਰੀਅੱਪਾ 1953 ਵਿੱਚ ਫੌਜ ਤੋਂ ਰਟਾਇਰ ਹੋਏ। 30 ਸਾਲ ਬਾਅਦ ਉਨ੍ਹਾਂ ਨੂੰ ਫੌਜ ਦੇ ਸਭ ਤੋਂ ਵੱਡੇ ਅਹੁਦੇ ਫੀਲਡ ਮਾਰਸ਼ਲ 'ਤੇ ਤਰੱਕੀ ਦਿੱਤੀ ਗਈ। ਅੱਜ ਸਾਡੇ ਫੌਜੀ ਇੱਕ ਅਜਿਹੇ ਦੁਸ਼ਮਣ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਦਾ ਕੋਈ ਚਿਹਰਾ ਨਹੀਂ ਹੈ। ਭਾਰਤੀ ਫੌਜ ਨਿੱਤ ਹਰ ਰੋਜ਼ ਲੜਾਈ ਲੜ ਰਹੀ ਹੈ। ਜੰਮੂ-ਕਸ਼ਮੀਰ ਦੇ ਦੁਰਗਮ ਖੇਤਰਾਂ ਵਿੱਚ ਸਰਹੱਦ ਪਾਰ ਤੋਂ ਆਉਣ ਵਾਲੇ ਘੁਸਪੈਠੀਆਂ ਨੂੰ ਰੋਕਦੀ ਹੈ। ਜੇਕਰ ਉਨ੍ਹਾਂ ਵਿਚੋਂ ਕੋਈ ਵੀ ਦੁਸ਼ਮਣ ਸਾਡੇ ਇਲਾਕੇ ਵਿੱਚ ਪਹੁੰਚ ਜਾਵੇ ਤਾਂ ਸਾਡੀ ਫੌਜ, ਸਥਾਨਕ ਪੁਲਸ ਅਤੇ ਨੀਮ ਫੌਜੀ ਬਲਾਂ ਦੇ ਨਾਲ ਮਿਲ ਕੇ ਉਨ੍ਹਾਂ ਦੇ ਗਲਤ ਇਰਾਦਿਆਂ ਨੂੰ ਕੁਚਲ ਦਿੰਦੀ ਹੈ। ਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਵਿੱਚ ਵੀ ਉੱਥੇ ਦੇ ਆਵਾਮ ਦੇ ਹਿੱਤ ਵਿੱਚ ਕੰਮ ਕਰਦੀ ਹੈ। ਭਾਰਤੀ ਨਾਗਰਿਕ ਜੋ ਕਿਸੇ ਹੋਰ ਦੇਸ਼ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਸੁਰੱਖਿਆ ਦਾ ਫਰਜ ਵੀ ਸਾਡੀ ਫੌਜ ਬਖੂਬੀ ਨਿਭਾਉਂਦੀ ਹੈ। ਹਾਲ ਹੀ ਵਿੱਚ ਯਮਨ ਅਤੇ ਲੀਬੀਆ ਵਿੱਚ ਭਾਰਤੀ ਨਾਗਰਿਕ ਸੰਕਟ ਵਿੱਚ ਫਸੇ ਸਨ, ਉਨ੍ਹਾਂ ਨੂੰ ਭਾਰਤੀ ਨੇਵੀ ਅਤੇ ਭਾਰਤੀ ਹਵਾਈ ਫੌਜ  ਦਾ ਪੂਰਾ ਸਹਿਯੋਗ ਮਿਲਿਆ।

ਭਾਰਤੀ ਫੌਜ ਦੀ ਪਛਾਣ ਸਿਰਫ ਯੁੱਧ ਭੂਮੀ ਤੱਕ ਸੀਮਤ ਨਹੀਂ ਹੈ, ਸਗੋਂ ਮਨੁੱਖੀ ਗੁਣਾਂ ਵਿੱਚ ਬਣੀ ਇਕ ਸਹਾਇਤਾ ਕਰਨ ਵਾਲੀ ਤਾਕਤ ਵਜੋਂ ਵੀ ਹੈ। ਫਿਰ ਭਾਵੇ ਅੰਡੇਮਾਨ ਨਿਕੋਬਾਰ ਦੇ ਸਮੁਦਰਾਂ ਦੀ ਸੁਨਾਮੀ ਹੋਵੇ, ਭੁਜ ਦਾ ਭੂਚਾਲ, ਕਸ਼ਮੀਰ ਅਤੇ ਗੁਜਰਾਤ ਵਿੱਚ ਆਈ ਹੜ੍ਹ ਹੋਵੇ ਜਾਂ ਉਤਰਾਖੰਡ ਵਿੱਚ ਫੱਟਿਆ ਹੋਇਆ ਬੱਦਲ, ਹਰ ਆਫਤ ਵਿੱਚ ਸਾਡੀ ਫੌਜ ਨੇ ਹਰ ਹਾਲਾਤ ਦਾ ਸਾਹਮਣਾ ਕਰਦੇ ਹੋਏ ਗ਼ੈਰ ਫ਼ੌਜੀ ਜਨਸੰਖਿਆ ਨੂੰ ਰਾਹਤ ਪਹੁੰਚਾਈ ਹੈ। ਵਿਸ਼ਵ ਦੇ ਅਨੇਕ ਰਾਸ਼ਟਰਾਂ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਸਥਾਪਤ ਕੀਤੇ ਗਏ ਸ਼ਾਂਤੀ ਮੁਹਿੰਮ ਵਿੱਚ ਵੀ ਸਾਡੀ ਫੌਜ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਰਗਰਮ ਭਾਗੀਦਾਰੀ ਨਿਭਾਈ ਹੈ। ਸਾਡੀ ਫੌਜ, ਮਿੱਤਰ ਦੇਸ਼ਾਂ  ਨਾਲ ਫੌਜੀ ਅਭਿਆਸ ਵੀ ਕਰਦੀ ਹੈ, ਜਿਸ ਨਾਲ ਅੱਤਵਾਦ ਤੋਂ ਨਜਿੱਠਣ ਦੇ ਨਵੇਂ ਤੌਰ ਤਰੀਕਿਆਂ ਦੀ ਜਾਣਕਾਰੀ ਆਪਸ ਵਿੱਚ ਵੰਡੀ ਜਾਂਦੀ ਹੈ। ਇਨ੍ਹਾਂ ਨੂੰ ਨਵੇਂ ਹਥਿਆਰਾਂ ਅਤੇ ਨਵੀਆਂ ਤਕਨੀਕਾਂ ਨੂੰ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਲਈ ਰੋਜ ਨਵੀਂ ਸਿਖਲਾਈ ਲੈਣ ਦੀ ਵੀ ਜ਼ਰੂਰਤ ਪੈਂਦੀ ਹੈ।

ਉਦੋਂ ਤਾਂ ਸਾਡੀ ਫੌਜ ਦੇ ਲੱਖਾਂ ਸੇਵਾ ਸੇਵਾਮੁਕਤ ਅਤੇ ਕਾਰਜਸ਼ੀਲ ਫੌਜ ਦੇ ਜਵਾਨ ਪੂਰੇ ਦੇਸ਼ ਵਿੱਚ ਫੌਜ ਦੀ ਨੈਤਿਕਤਾ, ਧਰਮ ਨਿਰਪੱਖਤਾ, ਸਹਿਣਸ਼ੀਲਤਾ, ਨੈਤਿਕ ਇਮਾਨਦਾਰੀ ਅਤੇ ਨਿਰਸਵਾਰਥ ਅਨੁਸ਼ਾਸ਼ਨ ਦਾ ਸੁਨੇਹਾ ਦਿੰਦੇ ਆ ਰਹੇ ਹਨ। ਸਾਡੀ ਫੌਜ ਸਾਹਸੀ ਸਰਗਰਮੀਆਂ ਦੁਆਰਾ ਆਪਣੇ ਫੌਜੀਆਂ ਦੇ ਨਿੱਜੀ ਗੁਣਾਂ ਦਾ ਵਿਕਾਸ ਵੀ ਕਰਦੀ ਹੈ। ਫੌਜ ਦੇ ਖਿਡਾਰੀਆਂ ਨੇ ਵਿਸ਼ਵ ਦੇ ਵੱਖ-ਵੱਖ ਮੰਚਾਂ 'ਤੇ ਤਿਰੰਗਾ ਲਹਿਰਾਇਆ ਹੈ। ਮਿਲਖਾ ਸਿੰਘ, ਸੂਬੇਦਾਰ ਜੀਤੂ ਰਾਏ, ਸੂਬੇਦਾਰ ਵਿਜੇ ਕੁਮਾਰ, ਕਰਨਲ ਰਾਜਵਰਧਨ ਸਿੰਘ ਰਾਠੌਰ, ਫਲਾਈਟ ਲੈਫਟਿਨੈਂਟ ਸ਼ਿਖਾ ਪਾਂਡੇ ਵਰਗੇ ਖਿਡਾਰੀਆਂ ਦੇ ਨਾਮ ਪ੍ਰਮੁੱਖ ਹਨ। ਦੇਸ਼ ਦੀ ਭੂਗੋਲਿਕ ਏਕਤਾ ਅਤੇ ਅੰਦਰੂਨੀ ਸੁਰੱਖਿਆ ਵਿੱਚ ਫੌਜ ਦਾ ਯੋਗਦਾਨ ਸਰਬੋਤਮ ਹੈ। ਅਜਿਹੇ ਹੀ ਭਾਰਤੀ ਫੌਜੀ ਜੋ ਦਿਨ ਰਾਤ ਸਾਡੀ ਰੱਖਿਆ ਕਰਦੇ ਹੋਏ ਦੇਸ਼ ਦੀਆਂ ਸਰਹੱਦਾਂ 'ਤੇ ਲਗਾਤਾਰ ਤਾਇਨਾਤ ਰਹਿੰਦੇ ਹਨ। ਉਨ੍ਹਾਂ ਨੂੰ ਸਾਡੀਆਂ ਸ਼ੁਭ ਕਾਮਨਾਵਾਂ।  ਇਹ ਦੇਸ਼ ਦਾ ਫ਼ਰਜ ਹੈ ਕਿ ਅਸੀਂ ਆਪਣੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਬਰ ਅਤੇ ਹਿੰਮਤ ਦਾ ਸਨਮਾਨ ਕਰਨ। ਉਨ੍ਹਾਂ ਦੇ ਮਨੋਬਲ ਅਤੇ ਸਨਮਾਨ ਨੂੰ ਹਮੇਸ਼ਾਂ ਉੱਚਾ ਰੱਖੋ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਡਮੁੱਲੇ ਸਾਲ ਦੇਸ਼ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤੇ। 72ਵੇਂ ਫੌਜ ਦਿਵਸ 'ਤੇ ਆਓ ਆਪਣੇ ਫੌਜੀਆਂ ਨੂੰ ਦਿਲੋਂ ਯਾਦ ਕਰੀਏ। ਜੈ ਹਿੰਦ।

(ਸ਼੍ਰੀਮਤੀ ਨੀਲਮ ਹੁੰਦਲ, ਫੌਜੀ ਪਤਨੀ), ਜਲੰਧਰ ਕੈਂਟ
 


Inder Prajapati

Content Editor

Related News