ਕੋਰੋਨਾ ਖਿਲਾਫ ਜੰਗ ਵਿਚ ਫੌਜ ਵੀ ਤਿਆਰ, ਆਰਮੀ ਚੀਫ ਬੋਲੇ- ''6 ਘੰਟੇ ਦਾ ਪਲਾਨ'' ਤਿਆਰ
Friday, Mar 27, 2020 - 12:08 PM (IST)
ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਜਿੱਥੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਆਪਣੇ ਵੱਲੋਂ ਪੂਰੀ ਤਰ੍ਹਾਂ ਤਿਆਰ ਹਨ ਉੱਥੇ ਹੀ ਭਾਰਤੀ ਫੌਜ ਵੀ ਹਰ ਚੁਣੌਤੀ ਨਾਲ ਲੜਨ ਲਈ ਤਿਆਰ ਹੈ। ਭਾਰਤੀ ਫੌਜ ਦੇ ਮੁਖੀ ਐੱਮ. ਐੱਮ. ਨਰਵਣੇ ਨੇ ਕਿਹਾ ਕਿ ਕੋਰੋਨਾ ਖਿਲਾਫ ਜੰਗ ਵਿਚ ਜੇਕਰ ਜ਼ਰੂਰਤ ਪਈ ਤਾਂ ਫੌਜ ਕਿਸੇ ਵੀ ਤਰ੍ਹਾਂ ਦੇ ਕਦਮ ਚੁੱਕਣ ਲਈ ਤਿਆਰ ਹੈ। ਆਰਮੀ ਚੀਫ ਨੇ ਕਿਹਾ ਕਿ ਫੌਜ ਦੇ ਕੋਲ '6 ਘੰਟੇ' ਦਾ ਪਲਾਨ ਹੈ, ਜਿਸ ਦੇ ਤਹਿਤ ਤੁਰੰਤ ਹੀ ਆਈਸੋਲੇਸ਼ਨ ਸੈਂਟਰ ਅਤੇ ਆਈ. ਸੀ. ਯੂ. ਨੂੰ ਤਿਆਰ ਕੀਤਾ ਜਾ ਸਕਦਾ ਹੈ।
ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਫੌਜ ਮੁਖੀ ਨੇ ਕੋਰੋਨਾ ਵਾਇਰਸ ਖਿਲਾਫ ਚੁਣੌਤੀਆਂ 'ਤੇ ਕੀਤੀ ਜਾ ਰਹੀ ਤਿਆਰੀਆਂ 'ਤੇ ਚਰਚਾ ਕੀਤੀ ਅਤੇ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਫੌਜ ਵੀ ਡਟੀ ਹੋਈ ਹੈ ਅਤੇ ਅਸੀਂ ਆਪਣੇ ਵੱਲੋਂ ਪੂਰੀ ਤਿਆਰੀਆਂ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਆਪਰੇਸ਼ਨਲ ਟਾਸਕ ਇਸ ਸਮੇਂ ਜਾਰੀ ਹੈ। ਫੌਜ ਮੁਖੀ ਨੇ ਕਿਹਾ ਕਿ ਕਈ ਦੁਨੀਆ ਦੇ ਕਈ ਦੇਸ਼ਾਂ ਨੇ ਕੋਰੋਨਾ ਨਾਲ ਲੜਨ ਲਈ ਸੈਨਾ ਦੀ ਮਦਦ ਲਈ ਹੈ। ਜੇਕਰ ਇੱਥੇ ਵੀ ਜ਼ਰੂਰਤ ਪਈ ਤਾਂ ਸਾਡੀ ਫੌਜ ਇਸ ਦੇ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਫੌਜ ਦੇ ਜਵਾਨਾਂ ਨੂੰ ਕੋਰੋਨਾ ਵਾਇਰਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ।
ਐੱਮ. ਐੱਮ. ਨਰਵਣੇ ਨੇ ਦੱਸਿਆ ਕਿ ਫੌਜ ਨੇ ਸਰਵਿਲਾਂਸ ਅਤੇ ਆਈਸੋਲੇਸ਼ਨ ਦੀ ਪ੍ਰੋਡਕਟਵਿਟੀ ਵਧਾਉਣ, ਹਸਪਤਾਲਾਂ ਵਿਚ 45 ਬੈਡ ਦਾ ਆਈਸੋਲੇਸ਼ਨ ਵਾਰਡ ਤਿਆਰ ਕਰਨਾ ਅਤੇ 10 ਬੈਡ ਦਾ ਇਕ ਆਈ. ਸੀ. ਯੂ. ਵਾਰਡ ਤਿਆਰ ਕਰਨਾ ਆਦਿ, ਇਹ ਸਾਰੀਆਂ ਸਹੂਲਤਾਂ ਸਿਰਫ 6 ਘੰਟਿਆਂ ਦੇ ਨੋਟਿਸ ਵਿਚ ਤਿਆਰ ਹੋ ਜਾਣਗੀਆਂ। ਆਰਮੀ ਚੀਫ ਨੇ ਕਿਹਾ ਕਿ ਅੱਗੇ ਦੇ ਹਾਲਾਤ ਕਿਵੇਂ ਹੋਣਗੇ ਇਹ ਕਹਿਣਾ ਅਜੇ ਮੁਸ਼ਕਲ ਹੈ ਪਰ ਫੌਜ ਤਿਆਰ ਹੈ ਦੇਸ਼ ਦੀ ਸੁਰੱਖਿਆ ਲਈ।