ਫੌਜ ਮੁਖੀ ਦੀ ਪਾਕਿ ਨੂੰ ਚਿਤਾਵਨੀ, ‘ਆਪ੍ਰੇਸ਼ਨ ਸਿੰਧੂਰ’ ਸਿਰਫ਼ ‘ਟ੍ਰੇਲਰ’ ਸੀ

Monday, Nov 17, 2025 - 10:02 PM (IST)

ਫੌਜ ਮੁਖੀ ਦੀ ਪਾਕਿ ਨੂੰ ਚਿਤਾਵਨੀ, ‘ਆਪ੍ਰੇਸ਼ਨ ਸਿੰਧੂਰ’ ਸਿਰਫ਼ ‘ਟ੍ਰੇਲਰ’ ਸੀ

ਨਵੀਂ ਦਿੱਲੀ, (ਭਾਸ਼ਾ)- ਜ਼ਮੀਨੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਹੈ ਕਿ ਫੌਜ ਨੇ ‘ਆਪ੍ਰੇਸ਼ਨ ਸਿੰਧੂਰ’ ਦਾ ਸਿਰਫ਼ 88 ਘੰਟੇ ਦਾ ‘ਟ੍ਰੇਲਰ’ ਹੀ ਵਿਖਾਇਆ ਹੈ । ਜੇ ਪਾਕਿਸਤਾਨ ਅੱਤਵਾਦ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਪੂਰੀ ‘ਫਿਲਮ’ ਵਿਖਾਈ ਜਾ ਸਕਦੀ ਹੈ।

ਸੋਮਵਾਰ ਇੱਥੇ ਪਹਿਲੀ ਚਾਣਕਿਆ ਰੱਖਿਆ ਗੱਲਬਾਤ ਦੇ ਉਦਘਾਟਨੀ ਸੈਸ਼ਨ ਦੌਰਾਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਜਨਰਲ ਦਿਵੇਦੀ ਨੇ ਕਿਹਾ ਭਾਰਤੀ ਫੌਜ ਪਾਕਿਸਤਾਨ ਨੂੰ ਇਹ ਸਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਕਿ ਇਕ ਜ਼ਿੰਮੇਵਾਰ ਦੇਸ਼ ਨੂੰ ਆਪਣੇ ਗੁਆਂਢੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ । ਸਾਡੀ ਫੌਜ ਇਹ ਵੀ ਜਾਣਦੀ ਹੈ ਕਿ ‘ਬੇਰੰਗ ਚਿੱਠੀ’ ਦਾ ਜਵਾਬ ਕਿਸ ਨੂੰ ਕਿਵੇਂ ਦੇਣਾ ਹੈ। ਅੱਤਵਾਦੀ ਤੇ ਉਨ੍ਹਾਂ ਦੇ ਅਾਕਾ ਸਾਡੇ ਲਈ ਇੱਕੋ ਜਿਹੇ ਹਨ। ਸਾਨੂੰ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਜਵਾਬ ਦੇਣਾ ਚਾਹੀਦਾ ਹੈ।

ਫੌਜ ਮੁਖੀ ਨੇ ਕਿਹਾ ਕਿ ਭਾਰਤ ਤਰੱਕੀ ਦੀ ਗੱਲ ਕਰਦਾ ਹੈ। ਜੇ ਕੋਈ ਉਸ ਰਾਹ ’ਚ ਰੁਕਾਵਟ ਪਾਉਂਦਾ ਹੈ ਤਾਂ ਇਹ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ। ਨਾ ਹੀ ਗੱਲਬਾਤ ਤੇ ਅੱਤਵਾਦ ਇੱਕਠੇ ਚੱਲ ਸਕਦੇ ਹਨ।

ਉਨ੍ਹਾਂ ‘ਨਿਊ ਨਾਰਮਲ’ ਪ੍ਰਤੀ ਭਾਰਤ ਦੀ ਪਹੁੰਚ ਨੂੰ ਪਾਕਿਸਤਾਨ ਲਈ ਇਕ ਚਿਤਾਵਨੀ ਦੱਸਿਆ ਤੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਇਕ ਵੱਡੀ ਚਿਤਾਵਨੀ ਹੋਵੇਗੀ ਕਿਉਂਕਿ ਜਦੋਂ ਸਟੇਟ ਸਪਾਂਸਰ ਅੱਤਵਾਦ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਇਹ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਅਸੀਂ ਇਕੱਠੇ ਅੱਗੇ ਵਧਣ ਬਾਰੇ ਗੱਲ ਕਰ ਰਹੇ ਹਾਂ। ਇਸ ਲਈ ਸਾਡੇ ਰਾਹ ਵਿੱਚ ਜੋ ਵੀ ਰੁਕਾਵਟਾਂ ਹਨ, ਸਾਨੂੰ ਉਨ੍ਹਾਂ ਬਾਰੇ ਕੁਝ ਕਰਨਾ ਪਵੇਗਾ।

ਦਿਵੇਦੀ ਨੇ ਕਿਹਾ ਕਿ ਭਾਰਤ ਤੇ ਚੀਨ ਦਰਮਿਆਨ ਫੌਜੀ ਤੇ ਕੂਟਨੀਤਕ ਪੱਧਰ ’ਤੇ ਲਗਾਤਾਰ ਗੱਲਬਾਤ ਨੇ ਅਸਲ ਕੰਟਰੋਲ ਰੇਖਾ ਨਾਲ ਸਥਿਤੀ ’ਚ ਕਾਫ਼ੀ ਸੁਧਾਰ ਕੀਤਾ ਹੈ ਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਬਰਫ਼ ‘ਪਿਘਲ’ ਗਈ ਹੈ।ਭਾਰਤ ਹੁਣ ਬਲੈਕਮੇਲ ਤੋਂ ਨਹੀਂ ਡਰਦਾ

ਪਰਮਾਣੂ ਬਲੈਕਮੇਲ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਜੇ ਕੋਈ ਸਾਨੂੰ ਕਿਸੇ ਵੀ ਚੀਜ਼ ਲਈ ਬਲੈਕਮੇਲ ਕਰਨਾ ਚਾਹੁੰਦਾ ਹੈ ਤਾਂ ਭਾਰਤ ਇੰਨਾ ਖੁਸ਼ਹਾਲ ਹੈ ਕਿ ਉਹ ਬਲੈਕਮੇਲ ਤੋਂ ਡਰਦਾ ਨਹੀਂ। ਜਦੋਂ ਆਪ੍ਰੇਸ਼ਨ ਸਿੰਧੂਰ ਤੋਂ ਸਿੱਖੇ ਗਏ ਸਬਕਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਆਪ੍ਰੇਸ਼ਨ ਹੁੰਦਾ ਹੈ ਤਾਂ ਸਾਨੂੰ ਇਸ ਤੋਂ ਕੁਝ ਸਿੱਖਣਾ ਪੈਂਦਾ ਹੈ। ਇਸ ਲਈ ਅਸੀਂ ਵੀ ਇਸ ਆਪ੍ਰੇਸ਼ਨ ਤੋਂ ਕੁਝ ਸਿੱਖਿਆ ਹੈ।

ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਸਿੱਖਿਆ ਕਿ ਫੈਸਲਾ ਲੈਣ ਦਾ ਸਮਾਂ ਬਹੁਤ ਘੱਟ ਹੁੰਦਾ ਹੈ। ਸਾਨੂੰ ਹਰ ਪੱਧਰ 'ਤੇ ਫੈਸਲੇ ਲੈਣੇ ਪੈਂਦੇ ਹਨ। ਇੱਥੇ ਫੈਸਲਾ ਲੈਣਾ ਤੇ ਫਿਰ ਇਸ ਨੂੰ ਸੌਂਪਣਾ ਸੰਭਵ ਨਹੀਂ ਹੈ। ਇਸ ਲਈ ਹਰ ਪੱਧਰ ’ਤੇ ਲੋਕਾਂ ਨੂੰ ਤਿਆਰ ਰਹਿਣਾ ਪਵੇਗਾ ਤੇ ਸਮੇਂ ਸਿਰ ਕਾਰਵਾਈ ਕਰਨੀ ਪਵੇਗੀ।

ਤਿੰਨਾਂ ਸੇਵਾਵਾਂ ’ਚ ਏਕੀਕਰਨ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਏਕੀਕਰਨ ਦਾ ਮਤਲਬ ਹੈ ਕਿ ਭਾਵੇਂ ਇਹ ਜ਼ਮੀਨੀ ਫੌਜ ਹੋਵੇ, ਸਮੁੰਦਰੀ ਫੌਜ ਹੋਵੇ, ਹਵਾਈ ਫੌਜ ਹੋਵੇ, ਸੀ. ਏ. ਏ. ਐੱਫ. ਹੋਵੇ, ਸਾਈਬਰ ਹੋਵੇ, ਸਪੇਸ ਹੋਵੇ, ਜਿੰਨੀ ਜਲਦੀ ਅਸੀਂ ਏਕੀਕਰਨ ਕਰਾਂਗੇ, ਓਨਾ ਹੀ ਅਸੀਂ ਇਸ ਲੜਾਈ ਨੂੰ ਹੋਰ ਵਧੀਅਾ ਢੰਗ ਨਾਲ ਲੜਨ ਦੇ ਯੋਗ ਹੋਵਾਂਗੇ, ਕਿਉਂਕਿ ਅੱਜ ਦਾ ਯੁੱਧ ਬਹੁ-ਖੇਤਰੀ ਹੈ।


author

Rakesh

Content Editor

Related News