ਫ਼ੌਜ ਨੇ ਹਿਮਾਚਲ ਨੂੰ ਚੀਨ ਤੋਂ ਚੌਕਸ ਰਹਿਣ ਲਈ ਕਿਹਾ : ਜੈਰਾਮ ਠਾਕੁਰ
Tuesday, Jun 01, 2021 - 06:00 PM (IST)
ਸ਼ਿਮਲਾ- ਗਲਵਾਨ ਘਾਟੀ 'ਚ ਭਾਰਤ ਨਾਲ ਉਲਝ ਚੁਕਿਆ ਗੁਆਂਢੀ ਦੇਸ਼ ਚੀਨ ਹੁਣ ਹਿਮਾਚਲ ਨਾਲ ਲੱਗਦੇ ਤਿੱਬਤ ਦੀ ਸਰਹੱਦ 'ਤੇ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਫ਼ੌਜ ਅਤੇ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਨੇ ਹਿਮਾਚਲ ਨੂੰ ਚੀਨ ਤੋਂ ਚੌਕਸ ਰਹਿਣ ਲਈ ਕਿਹਾ ਹੈ। ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਤਿੱਬਤ ਦੀ ਸਰਹੱਦ 'ਤੇ ਚੀਨ ਵਲੋਂ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਅੱਜ ਯਾਨੀ ਮੰਗਲਵਾਰ ਨੂੰ ਇੱਥੇ ਕਿਹਾ ਕਿ ਇਹ ਸੱਚ ਹੈ ਕਿ ਚੀਨ ਤਿੱਬਤ ਨਾਲ ਲੱਗਦੇ ਸਾਡੇ ਸਰਹੱਦੀ ਖੇਤਰ 'ਚ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਕੇਂਦਰ ਸਰਕਾਰ ਨੂੰ ਇਸ ਦੀ ਜਾਣਕਾਰੀ ਦੇਵਾਂਗੇ। ਉਸ (ਚੀਨ) ਨੇ ਸਾਡੇ ਤੋਂ ਵੱਧ ਉੱਚਾਈ 'ਤੇ ਸੜਕ ਮਾਰਗ ਤੋਂ ਕੁਝ ਨਿਗਰਾਨੀ ਗਤੀਵਿਧੀਆਂ ਵੀ ਸ਼ੁਰੂ ਕੀਤੀਆਂ ਹਨ। ਜੈਰਾਮ ਠਾਕੁਰ ਹਾਲ ਹੀ 'ਚ ਸਰਹੱਦ ਨਾਲ ਲੱਗਦੇ ਖੇਤਰ 'ਚ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਸਰਹੱਦ ਦੇ ਉਸ ਪਾਰ ਸੜਕ ਨੈੱਟਵਰਕ ਨੂੰ ਇਕ ਸਾਲ ਤੋਂ ਯੁੱਧ ਪੱਧਰ 'ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਸਾਰੀਆਂ ਨਿਰਮਾਣ ਗਤੀਵਿਧੀਆਂ ਚੀਨ ਦੇ ਖੇਤਰ 'ਚ ਹੋ ਰਹੀਆਂ ਹਨ ਪਰ ਦੇਸ਼ ਦੀ ਸੁਰੱਖਿਆ ਫ਼ੋਰਸ, ਖੁਫ਼ੀਆ ਏਜੰਸੀਆਂ ਇਸ ਨੂੰ ਖ਼ਤਰਨਾਕ ਸੰਕੇਤ ਮੰਨ ਰਹੀਆਂ ਹਨ।
ਮੁੱਖ ਮੰਤਰੀ ਇਸ ਸੰਬੰਧ 'ਚ ਰਿਪੋਰਟ ਜਲਦ ਹੀ ਕੇਂਦਰ ਸਰਕਾਰ ਨੂੰ ਸੌਂਪਣਗੇ। ਇਸ 'ਚ ਸਾਰੇ ਪਹਿਲੂਆਂ ਦਾ ਜ਼ਿਕਰ ਹੋਵੇਗਾ। ਇਸ 'ਚ ਹਿਮਾਚਲ ਦੇ ਖੇਤਰਾਂ 'ਚ ਸੜਕ, ਸੰਚਾਰ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਦੀ ਵੀ ਅਪੀਲ ਕੀਤੀ ਜਾ ਸਕਦੀ ਹੈ। ਇਹ ਰਿਪੋਰਟ ਗ੍ਰਹਿ ਅਤੇ ਰੱਖਿਆ ਮੰਤਰਾਲਾ ਦੋਹਾਂ ਨੂੰ ਭੇਜੀ ਜਾਵੇਗੀ। ਦੱਸਣਯੋਗ ਹੈ ਕਿ ਜੈਰਾਮ ਠਾਕੁਰ ਨੇ ਸ਼ਨੀਵਾਰ ਨੂੰ ਸਮਦੋ ਦਾ ਅਚਾਨਕ ਦੌਰਾ ਕੀਤਾ ਸੀ। ਉਹ ਲਾਹੁਲ ਦੇ ਸਮਦੋ ਕੋਲ ਤੱਕ ਹੈਲੀਕਾਪਟਰ 'ਤੇ ਪਹੁੰਚੇ। ਫਿਰ ਉੱਥੋਂ ਲਾਪਚਾ ਤੱਕ ਸੜਕ ਮਾਰਗ 'ਤੇ ਗਏ ਇਹ ਭਾਰਤ ਦੀ ਮੋਹਰੀ ਸਰਹੱਦੀ ਚੌਕੀ ਹੈ। ਇਸ ਤੋਂ ਅੱਗੇ ਤਿੱਬਤ ਦੀ ਸਰਹੱਦ ਸ਼ੁਰੂ ਹੁੰਦੀ ਹੈ। ਉਨ੍ਹਾਂ ਨੇ ਪਿਛਲੇ ਸਾਲ ਵੀ ਸਰਹੱਦੀ ਖੇਤਰ ਦਾ ਦੌਰਾ ਕਰਨਾ ਸੀ ਪਰ ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ ਦਰਮਿਆਨ ਸੰਘਰਸ਼ ਕਾਰਨ ਇਸ ਨੂੰ ਰੱਦ ਕਰਨਾ ਪਿਆ ਸੀ।