ਮਿਜ਼ੋਰਮ ’ਚ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲਾ ਗਿਰੋਹ ਬੇਨਕਾਬ
Sunday, Feb 04, 2024 - 03:39 PM (IST)
ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਰਹੱਦ ਪਾਰ ਤੋਂ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਮੁੱਖ ਮੁਲਜ਼ਮ ਨੂੰ ਮਿਜ਼ੋਰਮ ਤੋਂ ਗ੍ਰਿਫ਼ਤਾਰ ਕੀਤਾ ਹੈ। ਫੈਡਰਲ ਏਜੰਸੀ ਦੇ ਬੁਲਾਰੇ ਨੇ ਸ਼ਨੀਵਾਰ ਦੱਸਿਆ ਕਿ ਮਿਜ਼ੋਰਮ ਦੇ ਮਮਿਤ ਇਲਾਕੇ ਦੇ ਰਹਿਣ ਵਾਲੇ ਲਾਲੰਗਾਈਹੌਮਾ ਵਲੋਂ ਦੇਸ਼ ਦੇ ਕੁਝ ਉੱਤਰੀ-ਪੂਰਬੀ ਸੂਬਿਆਂ ’ਚ ਵੱਡੇ ਪੱਧਰ ’ਤੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਮੱਗਲਿੰਗ ਕਰਨ ਵਾਲੇ ਗਰੋਹ ਨੂੰ ਚਲਾਉਣ ਦੀ ਸੂਚਨਾ ਮਿਲੀ ਸੀ।
ਇਸ ਪਿੱਛੋਂ ਕਾਰਵਾਈ ਕਰਦਿਆਂ ਉਸ ਨੂੰ ਆਈਜ਼ੌਲ ਤੋਂ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਐੱਨ. ਆਈ. ਏ. ਵਲੋਂ ਪਿਛਲੇ ਸਾਲ 26 ਦਸੰਬਰ ਨੂੰ ਗੈਰਕਾਨੂੰਨੀ ਸਰਗਰਮੀਆਂ (ਰੋਕੂ) ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਦਰਜ ਮਾਮਲੇ ਦੀ ਜਾਂਚ ਦੇ ਆਧਾਰ ’ਤੇ ਕੀਤੀ ਗਈ।