ਪੁੰਛ ''ਚ ਭਾਰੀ ਮਾਤਰਾ ''ਚ ਹਥਿਆਰ-ਗੋਲਾਬਾਰੂਦ ਬਰਾਮਦ, 2 ਅੱਤਵਾਦੀ ਗ੍ਰਿਫਤਾਰ

09/12/2020 8:51:24 PM

ਸ਼੍ਰੀਨਗਰ - ਜੰ‍ਮੂ-ਕਸ਼‍ਮੀਰ 'ਚ ਅਸ਼ਾਂਤੀ ਫੈਲਾਉਣ ਲਈ ਪਾਕਿਸ‍ਤਾਨ ਹਮੇਸ਼ਾ ਤੋਂ ਕੋਸ਼ਿਸ਼ ਕਰਦਾ ਰਿਹਾ ਹੈ। ਪਿਛਲੇ ਕੁੱਝ ਮਹੀਨਿਆਂ ਦੌਰਾਨ ਜਿਸ ਤਰ੍ਹਾਂ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ 'ਚ ਅੱਤਵਾਦੀ ਟਿਕਾਣਿਆਂ ਜਾਂ ਫਿਰ ਨਾਕਿਆਂ 'ਤੇ ਤਲਾਸ਼ੀ ਦੌਰਾਨ ਹਥਿਆਰਾਂ ਦੀ ਬਰਾਮਦਗੀ ਹੋ ਰਹੀ ਹੈ, ਉਸ ਤੋਂ ਇੰਝ ਲੱਗਦਾ ਹੈ ਕਿ ਪਾਕਿਸਤਾਨ ਘਾਟੀ 'ਚ ਦਮ ਤੋੜ ਰਹੇ ਅੱਤਵਾਦ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੁਰੱਖਿਆ ਬਲਾਂ ਨੇ ਪੁੰਛ ਜ਼ਿਲ੍ਹੇ ਦੇ ਮੇਂਢਰ ਸੈਕਟਰ 'ਚ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾਬਾਰੂਦ ਬਰਾਮਦ ਕੀਤੇ ਹਨ। ਇਹੀ ਨਹੀਂ ਇਨ੍ਹਾਂ ਹਥਿਆਰਾਂ ਦੇ ਨਾਲ ਅੱਤਵਾਦੀ ਸੰਗਠਨਾਂ ਲਈ ਕੰਮ ਕਰਨ ਵਾਲੇ ਦੋ ਓਵਰ ਗ੍ਰਾਉਂਡ ਵਰਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਸੁਰੱਖਿਆ ਬਲਾਂ ਨੇ ਅਜੇ ਤੱਕ ਦੋਨਾਂ ਦੀ ਪਛਾਣ ਸਪੱਸ਼ਟ ਨਹੀਂ ਕੀਤੀ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਨਾਂ ਦੀ ਮਦਦ ਨਾਲ ਸੁਰੱਖਿਆ ਬਲ ਪੁੰਛ 'ਚ ਦੂਜੇ ਅੱਤਵਾਦੀ ਮਦਦਗਾਰਾਂ ਦਾ ਵੀ ਪਤਾ ਲਗਾਉਣਗੇ। ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹਥਿਆਰ ਗੁਲਾਮ ਕਸ਼ਮੀਰ ਤੋਂ ਭੇਜੇ ਗਏ ਸਨ। ਬਰਾਮਦ ਕੀਤੇ ਗਏ ਹਥਿਆਰਾਂ 'ਚ ਤਿੰਨ ਚੀਨ ਦੇ ਬਣੇ ਪਿਸਟਲ, ਉਸਦੀ ਛੇ ਮੈਗਜੀਨ, ਪਿਸਟਲ ਦੇ 70 ਰਾਉਂਡ, 11 ਹੈਂਡ ਗ੍ਰਨੇਡ, ਇੱਕ ਵਾਇਰਲੇਸ ਸੈਟ, ਦੋ ਬੈਟਰੀ, ਦੋ ਝੰਡੇ, ਇੱਕ ਮੋਬਾਇਲ ਫੋਨ, ਇੱਕ ਚਾਰਜਰ, ਇੱਕ ਪੈਨ ਡਰਾਈਵ ਅਤੇ ਆਈ.ਈ.ਡੀ. ਬਣਾਉਣ ਦੇ ਕੰਮ 'ਚ ਆਉਣ ਵਾਲੀ ਸਮੱਗਰੀ ਸ਼ਾਮਲ ਹੈ। ਗ੍ਰਿਫਤਾਰ ਕੀਤੇ ਗਏ ਦੋਨਾਂ ਅੱਤਵਾਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Inder Prajapati

Content Editor

Related News