ਹਥਿਆਰਬੰਦ ਫੋਰਸਾਂ ਲੰਬੀ ਜੰਗ ਲਈ ਤਿਆਰ ਰਹਿਣ : ਰਾਜਨਾਥ

Wednesday, Aug 27, 2025 - 10:30 PM (IST)

ਹਥਿਆਰਬੰਦ ਫੋਰਸਾਂ ਲੰਬੀ ਜੰਗ ਲਈ ਤਿਆਰ ਰਹਿਣ : ਰਾਜਨਾਥ

ਮਹੂ (ਮੱਧ ਪ੍ਰਦੇਸ਼)  (ਅਨਸ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਬੇਮਿਸਾਲ ਭੂਗੋਲਿਕ ਸਥਿਤੀ ਨੂੰ ਮੁੱਖ ਰਖਦਿਆਂ ਦੇਸ਼ ਦੀਆਂ ਹਥਿਆਰਬੰਦ ਫੋਰਸਾਂ ਨੂੰ ਹਰ ਤਰ੍ਹਾਂ ਦੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ’ਚ ਥੋੜ੍ਹੇ ਸਮੇਂ ਦੇ ਟਕਰਾਅ ਤੋਂ ਲੈ ਕੇ 5 ਸਾਲਾਂ ਤੱਕ ਦੀ ਲੰਬੀ ਜੰਗ ਵੀ ਸ਼ਾਮਲ ਹੈ। ਬੁੱਧਵਾਰ ਮਹੂ ਮਿਲਟਰੀ ਛਾਉਣੀ ਦੇ ਆਰਮੀ ਵਾਰ ਕਾਲਜ ’ਚ ਫੌਜ ਦੇ ਤਿੰਨਾਂ ਅੰਗਾਂ ਦੇ ਸਾਂਝੇ ਸੈਮੀਨਾਰ ‘ਰਣ ਸੰਵਾਦ 2025’ ਦੇ ਦੂਜੇ ਤੇ ਆਖਰੀ ਦਿਨ ਪੂਰਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਭਾਰਤ ਕਿਸੇ ਦੀ ਜ਼ਮੀਨ ਨਹੀਂ ਚਾਹੁੰਦਾ ਪਰ ਆਪਣੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ’ਚ ਜੰਗਾਂ ਇੰਨੀਆਂ ਅਚਾਨਕ ਤੇ ਬੇਮਿਸਾਲ ਹੋ ਗਈਆਂ ਹਨ ਕਿ ਇਹ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ ਕਿ ਜੰਗ ਕਿੰਨੀ ਦੇਰ ਤੱਕ ਚੱਲੇਗੀ ਤੇ ਕਦੋਂ ਖਤਮ ਹੋਵੇਗੀ? ਜੇ ਅਸੀਂ ਆਪ੍ਰੇਸ਼ਨ ਸਿੰਧੂਰ ਬਾਰੇ ਗੱਲ ਕਰੀਏ ਤਾਂ ਇਹ ਸੱਚਮੁੱਚ ਤਕਨਾਲੋਜੀ-ਆਧਾਰਿਤ ਜੰਗ ਦਾ ਇਕ ਸ਼ਾਨਦਾਰ ਪ੍ਰਦਰਸ਼ਨ ਸੀ। ਉਨ੍ਹਾਂ ਕਿਹਾ ਕਿ ਜਵਾਨਾਂ ਦੀ ਗਿਣਤੀ ਜਾਂ ਹਥਿਆਰਾਂ ਦੇ ਡਿਪੂਆਂ ਦਾ ਆਕਾਰ ਹੁਣ ਕਾਫ਼ੀ ਨਹੀਂ ਹੈ ਕਿਉਂਕਿ ਸਾਈਬਰ ਜੰਗ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਡਰੋਨ ਤੇ ਸੈਟੇਲਾਈਟ ਆਧਾਰਿਤ ਨਿਗਰਾਨੀ ਪ੍ਰਣਾਲੀਆਂ ਭਵਿੱਖ ਦੀਆਂ ਲੜਾਈਆਂ ਨੂੰ ਪਰਿਭਾਸ਼ਿਤ ਕਰ ਰਹੀਆਂ ਹਨ।

ਰਾਜਨਾਥ ਨੇ ਕਿਹਾ ਕਿ ਸਟੀਕਤਾ ਵਾਲੇ ਹਥਿਆਰ, ਅਸਲ ਸਮੇਂ ’ਚ ਮਿਲਣ ਵਾਲੀ ਖੁਫੀਆ ਜਾਣਕਾਰੀ ਅਤੇ ਡਾਟਾ ਦੀ ਜਾਣਕਾਰੀ ਹੁਣ ਕਿਸੇ ਵੀ ਫੌਜੀ ਟਕਰਾਅ ’ਚ ਸਫਲਤਾ ਦੀ ਨੀਂਹ ਬਣ ਗਈ ਹੈ।


author

Hardeep Kumar

Content Editor

Related News