ਆਰਿਫ ਮੁਹੰਮਦ ਖਾਨ ਨੇ ਬਿਹਾਰ ਦੇ ਰਾਜਪਾਲ ਵਜੋਂ ਚੁੱਕੀ ਸਹੁੰ
Thursday, Jan 02, 2025 - 01:38 PM (IST)
ਪਟਨਾ- ਆਰਿਫ ਮੁਹੰਮਦ ਖਾਨ ਨੇ ਵੀਰਵਾਰ ਨੂੰ ਬਿਹਾਰ ਦੇ ਰਾਜਪਾਲ ਵਜੋਂ ਸਹੁੰ ਚੁੱਕੀ। ਪਟਨਾ ਹਾਈ ਕੋਰਟ ਦੇ ਚੀਫ ਜਸਟਿਸ ਕੇ. ਵਿਨੋਦ ਚੰਦਰਨ ਨੇ ਵੀਰਵਾਰ ਨੂੰ ਇੱਥੇ ਰਾਜ ਭਵਨ 'ਚ ਆਯੋਜਿਤ ਇਕ ਸਮਾਰੋਹ 'ਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਮਾਗਮ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਰਾਜ ਦੇ ਕਈ ਮੰਤਰੀ ਅਤੇ ਹੋਰ ਮਾਣਯੋਗ ਲੋਕ ਸ਼ਾਮਲ ਹੋਏ। ਖਾਨ ਇਸ ਤੋਂ ਪਹਿਲਾਂ ਕੇਰਲ ਦੇ ਰਾਜਪਾਲ ਰਹਿ ਚੁੱਕੇ ਹਨ।
ਆਰਿਫ ਰਾਜੇਂਦਰ ਵਿਸ਼ਵਨਾਥ ਅਰਲੇਕਰ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਹੁਣ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਸੋਮਵਾਰ ਨੂੰ ਪਟਨਾ ਪਹੁੰਚੇ ਖਾਨ ਨੇ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਸੂਬੇ ਦੀ ਗੌਰਵਸ਼ਾਲੀ ਪਰੰਪਰਾ ਮੁਤਾਬਕ ਆਪਣੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਸੀ ਕਿ ਮੈਂ ਬਿਹਾਰ ਦੇ ਗੌਰਵਮਈ ਇਤਿਹਾਸ ਨੂੰ ਜਾਣਦਾ ਹਾਂ। ਇਸ ਦਾ ਮੇਰੇ 'ਤੇ ਪ੍ਰਭਾਵ ਹੈ। ਮੈਂ ਸੂਬੇ ਦੀ ਵਿਰਾਸਤ ਅਤੇ ਗੌਰਵਮਈ ਪਰੰਪਰਾ ਅਨੁਸਾਰ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਾਂਗਾ।