ਢਾਈ ਘੰਟੇ ਚੱਲੀ ਸਰਜਰੀ..., ਮਾਸੂਮ ਦੀ ਅੱਖ ਦਾ ਹਾਲ ਵੇਖ ਹੈਰਾਨ ਰਹਿ ਗਏ ਡਾਕਟਰ
Wednesday, Mar 12, 2025 - 03:11 PM (IST)

ਨੈਸ਼ਨਲ ਡੈਸਕ- 3 ਸਾਲ ਦੇ ਅਰਹਾਨ ਸੈਫ ਦੀ ਅੱਖ ਅਤੇ ਪਲਕ ਦਰਮਿਆਨ 2.5 ਸੈਂਟੀਮੀਟਰ ਲੱਕੜ ਦਾ ਟੁੱਕੜਾ ਫਸ ਗਿਆ ਸੀ। ਤਕਰੀਬਨ ਢਾਈ ਘੰਟੇ ਦੀ ਸਰਜਰੀ ਮਗਰੋਂ ਨੋਇਡਾ ਚਾਈਲਡ ਪੀ. ਜੀ. ਆਈ. ਦੀ ਟੀਮ ਨੇ ਇਸ ਟੁੱਕੜੇ ਨੂੰ ਕੱਢਿਆ ਅਤੇ ਅੱਖ ਦੀ ਰੌਸ਼ਨੀ ਸੁਰੱਖਿਅਤ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਨੋਇਡਾ ਜ਼ਿਲ੍ਹੇ ਦਾ ਹੈ, ਇੱਥੋਂ ਦੇ ਇਕ ਕਾਰਪੇਂਟਰ ਦਾ 3 ਸਾਲ ਦਾ ਇਕਲੌਤਾ ਪੁੱਤਰ ਇਸ ਹਾਦਸੇ ਦਾ ਸ਼ਿਕਾਰ ਹੋਇਆ ਸੀ।
ਨੇਤਰ ਰੋਗ ਵਿਭਾਗ ਵਿਚ ਐੱਚ. ਓ. ਡੀ. ਡਾ. ਵਿਕਰਾਂਤ ਸ਼ਰਮਾ ਨੇ ਕਿਹਾ ਕਿ ਮਾਸੂਮ ਅਰਹਾਨ ਦੀ ਢਾਈ ਘੰਟਿਆਂ ਤੱਕ ਸਰਜਰੀ ਕੀਤੀ ਗਈ, ਜਿਸ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ। ਓਧਰ ਅਰਹਾਨ ਦੇ ਪਿਤਾ ਦਾ ਦੋਸ਼ ਹੈ ਕਿ ਹਾਦਸੇ ਮਗਰੋਂ ਇਕ ਝੋਲਾਛਾਪ ਡਾਕਟਰ ਦੀ ਲਾਪ੍ਰਵਾਹੀ ਕਾਰਨ ਪੁੱਤਰ ਦੀ ਅੱਖ ਦੀ ਰੌਸ਼ਨੀ ਜਾਨ ਦਾ ਖ਼ਤਰਾ ਵੱਧ ਗਿਆ ਸੀ।
ਪਿਤਾ ਖੁਰਸ਼ੀਦ ਨੇ ਦੱਸਿਆ ਕਿ ਪੁੱਤਰ ਅਰਹਾਨ ਲੱਕੜ ਦੀ ਡੰਡੀ ਨਾਲ ਖੇਡ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅਰਹਾਨ ਦੇ ਜ਼ਮੀਨ 'ਤੇ ਡਿੱਗਦੇ ਹੀ ਡੰਡੀ ਦਾ ਟੁੱਕੜਾ ਟੁੱਟ ਕੇ ਉਸ ਦੀ ਅੱਖ ਅਤੇ ਪਲਕ ਦਰਮਿਆਨ ਜਾ ਵੜਿਆ। ਉਸ ਨੂੰ ਕਾਲੋਨੀ ਦੇ ਇਕ ਕਲੀਨਿਕ 'ਚ ਲਿਜਾਇਆ ਗਿਆ। ਦੋਸ਼ ਹੈ ਕਿ ਉੱਥੇ ਝੋਲਾਛਾਪ ਡਾਕਟਰ ਨੇ ਬਿਨਾਂ ਜਾਂਚ ਪਰਖ ਕੀਤੇ ਅਰਹਾਨ ਦੀ ਅੱਖ 'ਤੇ ਪੱਟੀ ਬੰਨ੍ਹ ਕੇ ਘਰ ਭੇਜ ਦਿੱਤਾ। 10 ਦਿਨ ਵਿਚ ਅੱਖ ਦਾ ਜ਼ਖਮ ਠੀਕ ਹੋ ਗਿਆ ਪਰ 15 ਦਿਨ ਤੱਕ ਸੋਜ ਰਹੀ। ਅਰਹਾਨ ਨੂੰ ਵੇਖਣ ਵਿਚ ਤਿਰਛਾਪਨ ਮਹਿਸੂਸ ਹੋਣ ਲੱਗਾ। ਜਿਸ ਤੋਂ ਬਾਅਦ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਤੁਰੰਤ ਨੋਇਡਾ ਦੇ ਚਾਈਲਡ ਪੀ. ਜੀ. ਆਈ. ਰੈਫਰ ਕਰ ਦਿੱਤਾ।
ਨੇਤਰ ਰੋਗ ਵਿਭਾਗ ਦੇ ਡਾ. ਵਿਕ੍ਰਾਂਤ ਸ਼ਰਮਾ ਨੇ ਕਿਹਾ ਕਿ ਅਰਹਾਨ ਦੀ ਸਮੱਸਿਆ ਕਾਫੀ ਗੰਭੀਰ ਸੀ। ਉਸ ਦੀ ਅੱਖ ਦੀ ਰੌਸ਼ਨੀ ਜਾਣ ਦਾ ਵੀ ਖ਼ਤਰਾ ਵੱਧ ਗਿਆ ਸੀ। ਉਨ੍ਹਾਂ ਨੇ ਐਕਸ-ਰੇਅ ਕੀਤਾ ਤਾਂ ਅੱਖ ਅਤੇ ਪਲਕ ਦਰਮਿਆਨ ਲੱਕੜ ਦਾ ਟੁੱਕੜਾ ਵਿਖਾਈ ਦਿੱਤਾ। ਅਰਹਾਨ ਦੀ ਸਰਜਰੀ ਕਰ ਕੇ ਟੁੱਕੜੇ ਨੂੰ ਕੱਢਿਆ ਗਿਆ। ਪਿਤਾ ਖੁਰਸ਼ੀਦ ਨੇ ਕਿਹਾ ਕਿ ਪੁੱਤਰ ਨੂੰ ਵੇਖਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ।