''ਸਮਾਜ ਵਿਰੋਧੀ ਅਨਸਰਾਂ ਨੇ ''ਪੁਲਸ ਨੂੰ ਕਤਲ ਕਰੋ'' ਦੇ ਨਾਅਰੇ ਲਗਾਏ''
Monday, Apr 20, 2020 - 11:58 PM (IST)
ਬੈਂਗਲੁਰੂ (ਭਾਸ਼ਾ)- ਸ਼ਹਿਰ ਦੇ ਘੱਟ ਗਿਣਤੀ ਬਾਹੁਲਯ ਪਦਰਾਇਣਪੁਰਾ ਇਲਾਕੇ ਵਿਚ ਪੁਲਸ ਅਤੇ ਸਿਹਤ ਮੁਲਾਜ਼ਮਾਂ 'ਤੇ ਐਤਵਾਰ ਰਾਤ ਹਮਲਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੇ 'ਪੁਲਸ ਨੂੰ ਕਤਲ ਕਰੋ' ਦੇ ਨਾਅਰੇ ਲਗਾਏ। ਪੁਲਸ ਨੇ ਆਪਣੀ ਐਫ.ਆਈ.ਆਰ. ਵਿਚ ਕਿਹਾ ਹੈ ਕਿ ਟੀਮ ਉਥੇ ਕੁਝ ਲੋਕਾਂ ਨੂੰ ਏਕਾਂਤਵਾਸ ਵਿਚ ਰੱਖਣ ਲਈ ਗਈ ਸੀ। ਤਕਰੀਬਨ 100-120 ਲੋਕ ਸੜਕਾਂ 'ਤੇ ਆ ਗਏ ਅਤੇ ਉਥੋਂ ਪੁਲਸ ਅਤੇ ਸਿਹਤ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਲੱਗੇ। ਇਨ੍ਹਾਂ ਦੀ ਟੀਮ ਉਥੇ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਪੁਲਸ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਕ ਐਫ.ਆਈ.ਆਰ ਵਿਚ ਪੁਲਸ ਦੇ ਸਬ ਇੰਸਪੈਕਟਰ ਰਮਨ ਗੌੜਾ ਨੇ ਸ਼ਿਕਾਇਤ ਦਿੱਤੀ ਹੈ ਕਿ ਉਹ ਸਿਹਤ ਮੁਲਾਜ਼ਮਾਂ ਦੇ ਨਾਲ 43 ਲੋਕਾਂ ਨੂੰ ਏਕਾਂਤਵਾਸ ਵਿਚ ਰੱਖਣ ਗਏ ਸਨ, ਉਥੇ ਤਕਰੀਬਨ 120 ਲੋਕ ਆ ਗਏ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਗੌੜਾ ਨੇ ਕਿਹਾ ਕਿ ਅਰਾਫਾਤ ਨਗਰ ਤੋਂ ਲੋਕ ਡਾਂਗਾ ਅਤੇ ਪੱਥਰ ਲੈ ਕੇ ਸੜਕਾਂ 'ਤੇ ਨਿਕਲ ਆਏ। ਪੁਲਸ ਅਧਿਕਾਰੀ ਨੇ ਦੋਸ਼ ਲਗਾਇਆ ਕਿ ਜਦੋਂ ਉਹ ਭੀੜ ਨੂੰ ਸੀ.ਸੀ.ਟੀ.ਵੀ. ਕੈਮਰਾ ਤੋੜਣ ਤੋਂ ਰੋਕ ਰਹੇ ਸਨ ਤਾਂ ਭੀੜ ਨੇ 'ਪੁਲਸ ਨੂੰ ਕਤਲ ਕਰੋ' 'ਉਨ੍ਹਾਂ ਨੂੰ ਨਾ ਬਖਸ਼ੋ' ਦੇ ਨਾਅਰੇ ਲਗਾਉਂਦਿਆਂ ਕੁਝ ਮੁਲਾਜ਼ਮਾਂ ਨੂੰ ਸੱਟਾਂ ਵੀ ਮਾਰੀਆਂ। ਪੁਲਸ ਮੁਤਾਬਕ ਕਥਿਤ ਤੌਰ 'ਤੇ ਹਮਲੇ ਦੀ ਯੋਜਨਾ ਬਣਾਉਣ ਵਾਲੀ ਇਕ ਮਹਿਲਾ ਸਣੇ 59 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।