ਸਲੋਵੇਨੀਆ ''ਚ Indian Embassy ''ਚ ਲੱਗੇ ਭਾਰਤ ਵਿਰੋਧੀ ਨਾਅਰੇ ! ਵਿਦੇਸ਼ ਮੰਤਰਾਲੇ ਨੇ ਕੀਤੀ ਸਖ਼ਤ ਨਿਖੇਧੀ
Tuesday, Aug 11, 2026 - 02:53 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ-ਕੈਨੇਡਾ ਤੇ ਇੰਗਲੈਂਡ ਵਰਗੇ ਦੇਸ਼ਾਂ ਮਗਰੋਂ ਯੂਰਪੀ ਦੇਸ਼ ਸਲੋਵੇਨੀਆ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਰਾਜਧਾਨੀ ਲੁਬਲਿਆਨਾ ਸਥਿਤ ਭਾਰਤੀ ਦੂਤਾਵਾਸ 'ਚ ਭਾਰਤ ਵਿਰੋਧੀ ਅਤੇ ਖ਼ਾਲਿਸਤਾਨ ਸਮਰਥਕ ਅਨਸਰਾਂ ਵੱਲੋਂ ਭੰਨ-ਤੋੜ ਕੀਤੀ ਗਈ ਹੈ। ਇਸ ਘਟਨਾ 'ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਰਤ ਸਰਕਾਰ ਨੇ ਸਲੋਵੇਨੀਆਈ ਪ੍ਰਸ਼ਾਸਨ ਤੋਂ ਇਸ ਘਟਨਾ ਪਿੱਛੇ ਮੌਜੂਦ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਵੀਅਨਾ ਸੰਧੀ ਦੇ ਅਧੀਨ ਕਿਸੇ ਵੀ ਦੇਸ਼ ਦੇ ਦੂਤਾਵਾਸ ਨੂੰ ਸੁਰੱਖਿਆ ਪ੍ਰਦਾਨ ਕਰਨਾ ਅਤੇ ਉਸ ਦੀ ਮਰਿਆਦਾ ਬਣਾਏ ਰੱਖਣਾ ਮੇਜ਼ਬਾਨ ਦੇਸ਼ ਦੀ ਜ਼ਿੰਮੇਵਾਰੀ ਹੈ। ਵਿਦੇਸ਼ੀ ਡਿਪਲੋਮੈਟਿਕ ਅਸਥਾਨਾਂ 'ਤੇ ਅਜਿਹੀ ਹਰਕਤ ਬਰਦਾਸ਼ਤਯੋਗ ਨਹੀਂ ਹੈ। ਭਾਰਤ ਨੇ ਨਵੀਂ ਦਿੱਲੀ ਅਤੇ ਲੁਬਲਿਆਨਾ ਦੋਵਾਂ ਥਾਵਾਂ 'ਤੇ ਸਲੋਵੇਨੀਆਈ ਅਧਿਕਾਰੀਆਂ ਕੋਲ ਇਹ ਮੁੱਦਾ ਸਖ਼ਤੀ ਨਾਲ ਉਠਾਇਆ ਹੈ ਤਾਂ ਜੋ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਕੀਤੀ ਜਾ ਸਕੇ।
ਮੀਡੀਆ ਰਿਪੋਰਟਾਂ ਅਤੇ ਸੂਤਰਾਂ ਅਨੁਸਾਰ, ਇਸ ਘਟਨਾ ਪਿੱਛੇ ਭਾਰਤ ਵਿਰੋਧੀ ਅਤੇ ਖ਼ਾਲਿਸਤਾਨੀ ਸਮਰਥਕ ਅਨਸਰਾਂ ਦਾ ਹੱਥ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਨੇ ਦੂਤਾਵਾਸ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ ਅਤੇ ਨਾਅਰੇਬਾਜ਼ੀ ਕੀਤੀ। ਭਾਰਤ ਨੇ ਹੋਰਨਾਂ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੇ ਸਮੂਹਾਂ ਵੱਲੋਂ ਫੈਲਾਈ ਜਾ ਰਹੀ ਨਫ਼ਰਤ ਅਤੇ ਝੂਠੇ ਪ੍ਰਚਾਰ ਦਾ ਗੰਭੀਰਤਾ ਨਾਲ ਨੋਟਿਸ ਲੈਣ।
