ਧਰਮ ਤਬਦੀਲੀ ਰੋਕਣ ਲਈ ਸਖ਼ਤ ਕਾਨੂੰਨ ਲਿਆਏਗੀ ਮਹਾਰਾਸ਼ਟਰ ਸਰਕਾਰ : ਚੰਦਰਸ਼ੇਖਰ ਬਾਵਨਕੁਲੇ
Wednesday, Jul 09, 2025 - 09:29 PM (IST)

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਮਾਲ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਬੁੱਧਵਾਰ ਕਿਹਾ ਕਿ ਸੂਬੇ ’ਚ ਧਰਮ ਤਬਦੀਲੀ ਰੋਕਣ ਲਈ ਸਖ਼ਤ ਕਾਨੂੰਨ ਲਿਆਂਦਾ ਜਾਵੇਗਾ।
ਭਾਜਪਾ ਦੇ ਅਨੂਪ ਅਗਰਵਾਲ ਤੇ ਹੋਰਾਂ ਵੱਲੋਂ ਸੂਬਾਈ ਵਿਧਾਨ ਸਭਾ ’ਚ ਉਠਾਏ ਗਏ ਮੁੱਦੇ ’ਤੇ ਬਹਿਸ ਦਾ ਜਵਾਬ ਦਿੰਦਿਆਂ ਬਾਵਨਕੁਲੇ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਗੱਲ ਕਰਨਗੇ ਕਿ ਸਖ਼ਤ ਪ੍ਰਬੰਧਾਂ ਵਾਲਾ ਧਰਮ ਤਬਦੀਲੀ ਰੋਕੂ ਕਾਨੂੰਨ ਕਿਵੇਂ ਲਿਆਂਦਾ ਜਾਵੇ?
ਚੰਦਰਸ਼ੇਖਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਧੂਲੇ-ਨੰਦੁਰਬਾਰ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਇਲਾਕੇ ’ਚ ਅਣਅਧਿਕਾਰਤ ਚਰਚਾਂ ਦੀ ਜਾਂਚ ਕਰਨ ਤੇ ਉਨ੍ਹਾਂ ਨੂੰ 6 ਮਹੀਨਿਆਂ ਅੰਦਰ ਢਾਹ ਦੇਣ ਦੇ ਨਿਰਦੇਸ਼ ਦਿੱਤੇ ਹਨ।
ਭਾਜਪਾ ਦੇ ਅਤੁਲ ਭਟਕਲਕਰ ਨੇ ਪੁੱਛਿਆ ਕਿ 6 ਮਹੀਨਿਆਂ ਦਾ ਸਮਾਂ ਕਿਉਂ ਦਿੱਤਾ ਜਾ ਰਿਹਾ ਹੈ? ਅਣਅਧਿਕਾਰਤ ਧਾਰਮਿਕ ਢਾਂਚਿਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਏ।
ਇਸ ’ਤੇ ਬਾਵਨਕੁਲੇ ਨੇ ਕਿਹਾ ਕਿ ਕਾਰਵਾਈ ਕਰਨ ਤੋਂ ਪਹਿਲਾਂ ਸ਼ਿਕਾਇਤਾਂ ਦੀ ਜਾਂਚ ਜ਼ਰੂਰੀ ਹੈ। ਭਾਜਪਾ ਵਿਧਾਇਕ ਸੰਜੇ ਕੁਟੇ ਨੇ ਕਿਹਾ ਕਿ ਧਰਮ ਤਬਦੀਲੀ ਸਿਰਫ਼ ਨੰਦੂਰਬਾਰ ’ਚ ਹੀ ਨਹੀਂ ਸਗੋਂ ਪੂਰੇ ਸੂਬੇ ਦੇ ਆਦਿਵਾਸੀ ਖੇਤਰਾਂ ’ਚ ਹੋ ਰਹੀ ਹੈ।
ਅਗਰਵਾਲ ਨੇ ਦਾਅਵਾ ਕੀਤਾ ਕਿ ਨਵਾਪੁਰ (ਧੁਲੇ ਜ਼ਿਲਾ) ’ਚ ਆਦਿਵਾਸੀਆਂ ਤੇ ਗੈਰ-ਆਦਿਵਾਸੀਆਂ ਨੂੰ ਈਸਾਈ ਧਰਮ ਅਪਣਾਉਣ ਲਈ ਲਾਲਚ ਦਿੱਤਾ ਜਾ ਰਿਹਾ ਹੈ।