ਅੰਕਿਤਾ ਕਤਲਕਾਂਡ ''ਚ ਮੁੱਖ ਦੋਸ਼ੀ ਪੁਲਕਿਤ ਆਰੀਆ ਸਣੇ ਤਿੰਨ ਨੂੰ ਉਮਰ ਕੈਦ ਦੀ ਸਜ਼ਾ
Friday, May 30, 2025 - 04:26 PM (IST)

ਕੋਟਦਵਾਰ- ਉੱਤਰਾਖੰਡ ਦੇ ਬਹੁ-ਚਰਚਿਤ ਅੰਕਿਤਾ ਕਤਲ ਕੇਸ 'ਚ ਅਦਾਲਤ ਨੇ ਸ਼ੁੱਕਰਵਾਰ ਨੂੰ ਸਜ਼ਾ ਦਾ ਐਲਾਨ ਕਰਦਿਆਂ ਮੁੱਖ ਦੋਸ਼ੀ ਪੁਲਕਿਤ ਆਰੀਆ ਸਮੇਤ ਤਿੰਨ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੀਨਾ ਨੇਗੀ ਦੀ ਅਦਾਲਤ ਨੇ ਅੱਜ ਸਜ਼ਾ ਦਾ ਐਲਾਨ ਕੀਤਾ। ਸਾਬਕਾ ਭਾਜਪਾ ਨੇਤਾ ਵਿਨੋਦ ਆਰੀਆ ਦੇ ਪੁੱਤਰ ਅਤੇ ਰਿਸ਼ੀਕੇਸ਼ ਦੇ ਵਨੰਤਰਾ ਰਿਜ਼ੋਰਟ ਦੇ ਮਾਲਕ ਪੁਲਕਿਤ ਆਰੀਆ ਨੂੰ ਭਾਰਤੀ ਦੰਡਾਵਲੀ ਦੀ ਧਾਰਾ 302, 201 ਅਤੇ 354 ਤਹਿਤ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਦੋਂ ਕਿ ਰਿਜ਼ੋਰਟ ਮੈਨੇਜਰ ਸੌਰਭ ਭਾਸਕਰ ਅਤੇ ਅੰਕਿਤ ਗੁਪਤਾ ਨੂੰ ਸਬੂਤ ਨਸ਼ਟ ਕਰਨ ਦੇ ਮਾਮਲੇ 'ਚ ਭਾਰਤੀ ਦੰਡਾਵਲੀ ਦੀ ਧਾਰਾ 302 ਅਤੇ 201 ਤਹਿਤ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਵਕੀਲ ਅਵਨੀਸ਼ ਨੇਗੀ ਦੇ ਅਨੁਸਾਰ, ਤਿੰਨਾਂ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਹੈ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਦੱਸਣਯੋਗ ਹੈ ਕਿ ਸਾਲ 2022 'ਚ ਅੰਕਿਤਾ ਕਤਲਕਾਂਡ ਸਾਹਮਣੇ ਆਇਆ ਸੀ। ਅੰਕਿਤਾ ਰਿਸ਼ੀਕੇਸ਼ ਕੋਲ ਵਨੰਤਰਾ ਰਿਜ਼ੋਰਟ 'ਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ। ਉਹ 18 ਸਤੰਬਰ 2022 ਨੂੰ ਅਚਾਨਕ ਲਾਪਤਾ ਹੋ ਗਈ ਸੀ। 2 ਦਿਨ ਬਾਅਦ 24 ਸਤੰਬਰ ਨੂੰ ਉਸ ਦੀ ਲਾਸ਼ ਚੀਲਾ ਬੈਰਾਜ ਤੋਂ ਬਰਾਮਦ ਹੋਈ ਸੀ। ਕਤਲ ਦਾ ਦੋਸ਼ ਵਨੰਤਰਾ ਰਿਜ਼ੋਰਟ ਦੇ ਮਾਲਕ ਪੁਲਕਿਤ ਆਰੀਆ, ਸੌਰਭ ਭਾਸਕਰ ਅਤੇ ਅੰਕਿਤ ਗੁਪਤਾ 'ਤੇ ਲੱਗਾ ਸੀ। ਇਸ ਘਟਨਾ ਤੋਂ ਬਾਅਦ ਪੂਰੇ ਪ੍ਰਦੇਸ਼ 'ਚ ਲੋਕਾਂ ਨੇ ਰੋਸ ਜ਼ਾਹਰ ਕੀਤਾ ਸੀ। ਪ੍ਰਦੇਸ਼ ਸਰਕਾਰ ਨੇ ਵੀ ਮਾਮਲੇ ਨੂੰ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਨੂੰ ਸੌਂਪ ਦਿੱਤਾ ਸੀ। ਐੱਸਆਈਟੀ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਅਦਾਲਤ ਦੇ ਬਾਹਰ ਅੱਜ ਸੁਰੱਖਿਆ ਦੇ ਲਿਹਾਜ ਨਾਲ ਭਾਰੀ ਪੁਲਸ ਤਾਇਨਾਤ ਕੀਤੀ ਗਈ ਹੈ। ਨਾਲ ਹੀ ਸਵੇਰ ਤੋਂ ਹੀ ਅਦਾਲਤ ਕੰਪਲੈਕਸ 'ਚ ਭੀੜ ਜਮ੍ਹਾ ਹੋ ਗਈ। ਪੁਲਸ ਨੇ ਭੀੜ ਨੂੰ ਰੋਕਣ ਲਈ ਬੈਰੀਕੇਡਿੰਗ ਦੀ ਵਿਵਸਥਾ ਕੀਤੀ ਪਰ ਭੀੜ ਨੇ ਬੈਰੀਕੇਡਿੰਗ ਤੋੜ ਦਿੱਤਾ। ਪੁਲਸ ਨੇ ਹਾਲਾਕਿ ਸਮੇਂ ਰਹਿੰਦੇ ਭੀੜ ਕੰਟਰੋਲ ਕਰ ਲਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8