ਭਲਕੇ ਤੋਂ ਭਾਰਤ ਦੌਰੇ ''ਤੇ ਆਉਣਗੇ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ
Saturday, Oct 11, 2025 - 03:41 PM (IST)

ਨੈਸ਼ਨਲ ਡੈਸਕ- ਭਾਰਤ ਅਤੇ ਕੈਨੇਡਾ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਇਕ ਹੋਰ ਕਦਮ ਚੁੱਕਦਿਆਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਐਤਵਾਰ ਤੋਂ ਭਾਰਤ ਦੇ ਤਿੰਨ ਦਿਨਾਂ ਦੇ ਦੌਰੇ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦੇ ਇਸ ਦੌਰੇ ਦੌਰਾਨ ਦੋਵੇਂ ਦੇਸ਼ ਵਪਾਰ, ਊਰਜਾ ਅਤੇ ਸੁਰੱਖਿਆ ਦੇ ਖੇਤਰਾਂ ਵਿੱਚ ਰਣਨੀਤਕ ਸਹਿਯੋਗ ਲਈ ਇੱਕ ਵਿਸਤ੍ਰਿਤ ਰੋਡਮੈਪ ਤਿਆਰ ਕਰਨ 'ਤੇ ਵਿਚਾਰ ਕਰਨਗੇ।
ਇਸ ਦੌਰਾਨ ਵਿਦੇਸ਼ ਮੰਤਰੀ ਆਨੰਦ ਨਵੀਂ ਦਿੱਲੀ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਵਣਜ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਨਗੇ। ਕੈਨੇਡਾ ਦੇ ਇੱਕ ਬਿਆਨ ਅਨੁਸਾਰ ਇਹ ਮੁਲਾਕਾਤਾਂ ਬਹੁਤ ਮਹੱਤਵਪੂਰਨ ਹਨ ਕਿਉਂਕਿ ਦੋਵੇਂ ਦੇਸ਼ ਵਪਾਰ ਵਿਭਿੰਨਤਾ, ਊਰਜਾ ਤਬਦੀਲੀ ਅਤੇ ਸੁਰੱਖਿਆ ਵਰਗੇ ਮੁੱਦਿਆਂ 'ਤੇ ਰਣਨੀਤਕ ਸਹਿਯੋਗ ਲਈ ਇੱਕ ਰੋਡਮੈਪ ਬਣਾਉਣ ਲਈ ਅੱਗੇ ਵਧ ਰਹੇ ਹਨ।
ਇਸ ਦੌਰੇ ਦੌਰਾਨ ਅਨੀਤਾ ਆਨੰਦ ਮੁੰਬਈ ਦੀ ਯਾਤਰਾ ਵੀ ਕਰਨਗੇ। ਮੁੰਬਈ ਵਿੱਚ ਉਹ ਉਨ੍ਹਾਂ ਕੈਨੇਡੀਅਨ ਅਤੇ ਭਾਰਤੀ ਕੰਪਨੀਆਂ ਦੇ ਮਾਲਕਾਂ ਨਾਲ ਮੁਲਾਕਾਤ ਕਰਨਗੇ ਜੋ ਕੈਨੇਡਾ ਅਤੇ ਭਾਰਤ ਵਿੱਚ ਨਿਵੇਸ਼, ਨੌਕਰੀਆਂ ਪੈਦਾ ਕਰਨ ਅਤੇ ਆਰਥਿਕ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਡਿੱਗਦਿਆਂ ਹੀ ਲੱਗ ਗਈ ਅੱਗ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ
ਵਿਦੇਸ਼ ਮੰਤਰੀ ਆਨੰਦ ਦਾ ਭਾਰਤ ਦੌਰਾ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਥਾਲੀ ਡ੍ਰੌਇਨ (Nathalie Drouin) ਦੇ ਭਾਰਤ ਦੌਰੇ ਤੋਂ ਲਗਭਗ ਤਿੰਨ ਹਫ਼ਤੇ ਬਾਅਦ ਹੋ ਰਿਹਾ ਹੈ। ਡ੍ਰੌਇਨ ਨੇ ਭਾਰਤ ਵਿੱਚ ਆਪਣੇ ਹਮਰੁਤਬਾ ਅਜੀਤ ਡੋਵਾਲ ਨਾਲ ਵਿਆਪਕ ਗੱਲਬਾਤ ਕੀਤੀ ਸੀ।
ਇਸ ਤੋਂ ਇਲਾਵਾ ਡੋਵਾਲ-ਡ੍ਰੌਇਨ ਦੀ ਮੁਲਾਕਾਤ ਕੈਨੇਡਾ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਤੋਂ ਕੁਝ ਦਿਨ ਬਾਅਦ ਹੋਈ ਸੀ। ਕੈਨੇਡਾ ਨੇ ਦੋਸ਼ ਲਾਇਆ ਸੀ ਕਿ ਇਹ ਗੈਂਗ ਕੁਝ ਭਾਈਚਾਰਿਆਂ ਨੂੰ ਹਿੰਸਕ ਢੰਗ ਨਾਲ ਨਿਸ਼ਾਨਾ ਬਣਾਉਣ ਅਤੇ ਡਰ ਦਾ ਮਾਹੌਲ ਪੈਦਾ ਕਰਨ ਲਈ ਜ਼ਿੰਮੇਵਾਰ ਹੈ। ਭਾਰਤ ਵਿਦੇਸ਼ ਮੰਤਰੀ ਆਨੰਦ ਦੇ ਇਸ ਤਿੰਨ ਦੇਸ਼ਾਂ ਦੇ ਦੌਰੇ ਦਾ ਪਹਿਲਾ ਪੜਾਅ ਹੋਵੇਗਾ, ਜਿਸ ਤੋਂ ਬਾਅਦ ਉਹ ਸਿੰਗਾਪੁਰ ਅਤੇ ਚੀਨ ਵੀ ਜਾਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e