NDA ''ਚ ਸ਼ਾਮਲ ਹੋਣ ਦੀਆਂ ਅਟਕਲਾਂ ਦਰਮਿਆਨ ਜਗਨ ਮੋਹਨ ਰੈੱਡੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Tuesday, Oct 06, 2020 - 06:01 PM (IST)
ਨਵੀਂ ਦਿੱਲੀ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੂਬੇ ਨਾਲ ਸੰਬੰਧਤ ਹੋਰ ਮੁੱਦਿਆਂ 'ਤੇ ਚਰਚਾ ਕੀਤੀ। ਇਨ੍ਹਾਂ ਮੁੱਦਿਆਂ 'ਚ ਪੋਲਾਵਰਮ ਸਿੰਚਾਈ ਪ੍ਰਾਜੈਕਟ ਲਈ ਪੈਂਡਿੰਗ ਧਨ ਰਾਸ਼ੀ ਜਾਰੀ ਕਰਨਾ ਵੀ ਸ਼ਾਮਲ ਹੈ। ਵਾਈ.ਐੱਸ.ਆਰ. ਕਾਂਗਰਸ ਦੇ ਰਾਜਗ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਦਰਮਿਆਨ 8 ਮਹੀਨਿਆਂ ਬਾਅਦ ਰੈੱਡੀ ਅਤੇ ਮੋਦੀ ਦੀ ਮੁਲਾਕਾਤ ਹੋਈ ਹੈ। ਬੈਠਕ ਦੌਰਾਨ ਸਿਆਸੀ ਮੁੱਦਿਆਂ 'ਤੇ ਚਰਚਾ ਹੋਈ ਜਾਂ ਨਹੀਂ ਇਸ ਦੀ ਜਾਣਕਾਰੀ ਨਹੀਂ ਹੈ।
ਅਧਿਕਾਰਤ ਸੂਤਰਾਂ ਅਨੁਸਾਰ 40 ਮਿੰਟ ਤੱਕ ਚੱਲੀ ਬੈਠਕ 'ਚ ਰੈੱਡੀ ਨੇ ਪੈਂਡਿੰਗ ਬਕਾਇਆ ਧਨ ਰਾਸ਼ੀ ਅਤੇ ਕਡਪਾ ਸਟੀਲ ਪਲਾਂਟ ਵਰਗੇ ਵੱਖ-ਵੱਖ ਪ੍ਰਾਜੈਕਟਾਂ ਲਈ ਮਨਜ਼ੂਰੀ 'ਤੇ ਚਰਚਾ ਕੀਤੀ। ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੋਦੀ ਤੋਂ 10 ਹਜ਼ਾਰ ਕਰੋੜ ਰੁਪਏ ਦੇ ਪੈਂਡਿੰਗ ਮਾਲੀਆ ਮੁਆਵਜ਼ੇ ਅਤੇ ਪੋਲਾਵਰਮ ਪ੍ਰਾਜੈਕਟ ਲਈ 3,250 ਕਰੋੜ ਰੁਪਏ ਨੂੰ ਜਾਰੀ ਕਰਨ ਅਤੇ ਕੁਰਨੂਲ ਜ਼ਿਲ੍ਹੇ 'ਚ ਹਾਈ ਕੋਰਟ ਦੀ ਸਥਾਪਨਾ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਰੈੱਡੀ ਵੀਡੀਓ ਕਾਨਫਰੈਂਸਿੰਗ ਰਾਹੀਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨਾਲ ਕ੍ਰਿਸ਼ਨਾ ਗੋਦਾਵਰੀ ਨਦੀ ਪਾਣੀ ਵੰਡ ਦੇ ਮੁੱਦੇ 'ਤੇ ਗੱਲਬਾਤ ਕਰਨਗੇ।