ਆਂਧਰਾ ਪ੍ਰਦੇਸ਼ : ਸਮੁੰਦਰ ''ਚ ਡੁੱਬੇ 5 ਵਿਦਿਆਰਥੀਆਂ ਦੀ ਮੌਤ, ਇਕ ਦੀ ਭਾਲ ਜਾਰੀ
Saturday, Jul 30, 2022 - 04:47 PM (IST)

ਵਿਸ਼ਾਖਾਟਨਮ (ਵਾਰਤਾ)- ਆਂਧਰਾ ਪ੍ਰਦੇਸ਼ ਦੇ ਪੁਦੀਮਡਕਾ ਪਿੰਡ ਨੇੜੇ ਸਮੁੰਦਰ 'ਚ ਡੁੱਬੇ 6 ਇੰਜੀਨੀਅਰਿੰਗ ਵਿਦਿਆਰਥੀਆਂ 'ਚੋਂ 5 ਦੀਆਂ ਲਾਸ਼ਾਂ ਮਿਲ ਗਈਆਂ ਹਨ ਅਤੇ ਇਕ ਲਾਪਤਾ ਵਿਦਿਆਰਥੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਘਟਨਾ ਉਸ ਸਮੇਂ ਹੋਈ, ਜਦੋਂ ਅਨਕਾਪੱਲੀ ਸਥਿਤ ਡਾਈਟ ਇੰਜੀਨੀਅਰਿੰਗ ਕਾਲਜ ਦੇ 15 ਵਿਦਿਆਰਥੀ ਸ਼ੁੱਕਰਵਾਰ ਨੂੰ ਪਿਕਨਿਕ ਮਨਾਉਣ ਪੁਦੀਮਡਕਾ ਬੀਚ 'ਤੇ ਗਏ ਸਨ, ਉਨ੍ਹਾਂ 'ਚੋਂ ਕੁਝ ਮੌਜ-ਮਸਤੀ ਕਰਨ ਸਮੁੰਦਰ 'ਚ ਚਲੇ ਗਏ। ਉਸੇ ਦੌਰਾਨ 7 ਵਿਦਿਆਰਥੀ ਰੁੜ੍ਹ ਗਏ।
ਉੱਥੇ ਮੌਜੂਦ ਸਥਾਨਕ ਮਛੇਰਿਆਂ ਨੇ ਮੌਕੇ 'ਤੇ ਇਕ ਵਿਦਿਆਰਥੀ ਨੂੰ ਬਚਾ ਲਿਆ ਪਰ 6 ਵਿਦਿਆਰਥੀਆਂ 'ਚੋਂ 5 ਦੀਆਂ ਲਾਸ਼ਾਂ ਮਿਲੀਆਂ ਅਤੇ ਇਕ ਵਿਦਿਆਰਥੀ ਹਾਲੇ ਵੀ ਲਾਪਤਾ ਹੈ। ਜਲ ਸੈਨਾ ਦੇ 2 ਹੈਲੀਕਾਪਟਰ ਅਤੇ ਚਾਰ ਮਸ਼ੀਨੀਕ੍ਰਿਤ ਕਿਸ਼ਤੀਆਂ ਨਾਲ ਸਮੁੰਦਰ 'ਚ ਡੁੱਬੇ ਵਿਦਿਆਰਥੀਆਂ ਨੂੰ ਲੱਭਿਆ ਗਿਆ। ਮ੍ਰਿਤਕਾਂ 'ਚ ਪਵਨ ਸੂਰੀਆ ਕੁਮਾਰ, ਗਣੇਸ਼, ਜਗਦੀਸ਼, ਰਾਮਚੰਦੁਈ ਅਤੇ ਸਤੀਸ਼ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਅਨਕਾਪੱਲੀ ਦੇ ਸਰਕਾਰੀ ਹਸਪਤਾਲ ਲਿਜਾਈਆਂ ਗਈਆਂ।