ਅਨੰਤਨਾਗ ''ਚ ਮੁਕਾਬਲੇ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਜੈਸ਼ ਦੇ 2 ਅੱਤਵਾਦੀ ਕੀਤੇ ਢੇਰ
Friday, Mar 12, 2021 - 10:21 AM (IST)
ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਦੀ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ (ਕਾਸੋ) ਦੌਰਾਨ ਵੀਰਵਾਰ ਨੂੰ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਮਾਰੇ ਗਏ। ਉਨ੍ਹਾਂ ਦੀ ਪਛਾਣ ਆਦਿਲ ਅਹਿਮਦ ਭੱਟ ਵਾਸੀ ਸਠਪੁਰਾ ਬ੍ਰਿਜ ਬੁਹਾਰਾ ਅਤੇ ਜਾਹਿਦ ਅਹਿਮਦ ਰਾਥੁਰ ਵਾਸੀ ਸਰਹਾਮਾ, ਅਨੰਤਨਾਗ ਵਜੋਂ ਹੋਈ। ਉਹ ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਸਨ। ਅਧਿਕਾਰੀ ਨੇ ਕਿਹਾ ਕਿ ਪੁਲਸ ਰਿਕਾਰਡ ਅਨੁਸਾਰ ਦੋਵੇਂ ਅੱਤਵਾਦੀ ਸੁਰੱਖਿਆ ਫ਼ੋਰਸਾਂ 'ਤੇ ਹਮਲੇ, ਨਾਗਰਿਕਾਂ ਨੂੰ ਤਸੀਹੇ ਦੇਣ ਸਮੇਤ ਅੱਤਵਾਦ ਦੇ ਕਈ ਮਾਮਲਿਆਂ 'ਚ ਸ਼ਾਮਲ ਰਹੇ ਸਨ।
ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ ਵਾਲੀ ਥਾਂ ਤੋਂ ਅੱਤਵਾਦੀਆਂ ਦੀਆਂ ਲਾਸ਼ਾਂ ਕੋਲੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ। ਇਸ ਦੌਰਾਨ ਸੁਰੱਖਿਆ ਕਾਰਨਾਂ ਕਰ ਕੇ ਇਲਾਕੇ 'ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਆਈ.ਜੀ.ਪੀ. (ਕਸ਼ਮੀਰ) ਵਿਜੇ ਕੁਮਾਰ ਨੇ 2 ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।