ਅਨੰਤਨਾਗ ''ਚ ਸੰਸਦੀ ਸੀਟ ''ਤੇ ਪੂਰੇ ਦੇਸ਼ ਦੀਆਂ ਨਜ਼ਰਾਂ, ਮਹਿਬੂਬਾ ਸਮੇਤ 18 ਉਮੀਦਵਾਰ ਮੈਦਾਨ ''ਚ

Sunday, Apr 21, 2019 - 01:31 PM (IST)

ਅਨੰਤਨਾਗ ''ਚ ਸੰਸਦੀ ਸੀਟ ''ਤੇ ਪੂਰੇ ਦੇਸ਼ ਦੀਆਂ ਨਜ਼ਰਾਂ, ਮਹਿਬੂਬਾ ਸਮੇਤ 18 ਉਮੀਦਵਾਰ ਮੈਦਾਨ ''ਚ

ਸ਼੍ਰੀਨਗਰ–ਦੱਖਣੀ ਕਸ਼ਮੀਰ ਦੀ ਅਨੰਤਨਾਗ ਸੀਟ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਇਥੋਂ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਸਮੇਤ 18 ਉਮੀਦਵਾਰ ਲੋਕ ਸਭਾ ਵਿਚ ਪਹੁੰਚਣ ਲਈ ਕਿਸਮਤ ਅਜ਼ਮਾ ਰਹੇ ਹਨ। ਦੱਖਣੀ ਕਸ਼ਮੀਰ ਦੇ 4 ਜ਼ਿਲਿਆਂ ਅਨੰਤਨਾਗ, ਕੁਲਗਾਮ, ਸ਼ੋਪੀਆਂ ਅਤੇ ਪੁਲਵਾਮਾ ਵਿਚ ਫੈਲੀ ਅਨੰਤਨਾਗ ਲੋਕ ਸਭਾ ਹਲਕੇ ਦੀ ਸੀਟ 'ਤੇ 23 ਅਪ੍ਰੈਲ, 29 ਅਪ੍ਰੈਲ ਅਤੇ 6 ਮਈ ਨੂੰ ਤਿੰਨ ਪੜਾਵਾਂ ਵਿਚ ਵੋਟਾਂ ਪੈਣਗੀਆਂ। ਇਸ ਹਲਕੇ ਦੇ 13 ਲੱਖ 93 ਹਜ਼ਾਰ ਵੋਟਰ 18 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ।ਸੁਰੱਖਿਆ ਕਾਰਨਾਂ ਕਰ ਕੇ ਇਥੇ ਵੋਟਾਂ ਪੈਣ ਦਾ ਸਮਾਂ ਆਮ ਨਾਲੋਂ 2 ਘੰਟੇ ਘੱਟ ਰੱਖਿਆ ਗਿਆ ਹੈ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।

ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਫ੍ਰੰਟ (ਪੀ ਡੀ ਪੀ) ਦੀ ਮੁਖੀ ਮਹਿਬੂਬਾ ਮੁਫਤੀ ਦੇ ਨਾਲ-ਨਾਲ ਇਥੋਂ ਸੂਬਾਈ ਕਾਂਗਰਸ ਦੇ ਪ੍ਰਧਾਨ ਜੀ. ਏ. ਮੀਰ ਅਤੇ ਸੇਵਾਮੁਕਤ ਜੱਜ ਹਸਨੈਨ ਮਸੂਦੀ ਸਮੇਤ 18 ਉਮੀਦਵਾਰ ਚੋਣ ਮੈਦਾਨ 'ਚ ਹਨ। ਇਹ ਦੇਸ਼ ਦੀ ਇਕੋ-ਇਕ ਅਜਿਹੀ ਸੀਟ ਹੈ, ਜਿਥੇ ਵੋਟਾਂ 3 ਪੜਾਵਾਂ ਵਿਚ ਪੈਣਗੀਆਂ। ਇਸ ਸੀਟ ਨੂੰ ਪੀ. ਡੀ. ਪੀ. ਦਾ ਗੜ੍ਹ ਮੰਨਿਆ ਜਾਂਦਾ ਹੈ। 2014 ਵਿਚ ਇਥੋਂ ਪੀ. ਡੀ. ਪੀ. ਨੇ 16 ਅਸੈਂਬਲੀ ਹਲਕਿਆਂ ਵਿਚੋਂ 11 'ਤੇ ਜਿੱਤ ਦਰਜ ਕੀਤੀ ਸੀ।

ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਪੀ. ਡੀ. ਪੀ. ਅਤੇ ਭਾਜਪਾ ਦੇ ਵਿਚਾਲੇ ਅਪਵਿੱਤਰ ਗਠਜੋੜ ਤੋਂ ਬਾਅਦ ਇਸ ਸੰਸਦੀ ਖੇਤਰ 'ਚ ਅੱਤਵਾਦੀਆਂ ਨਾਲ ਮੁੱਠਭੇੜ ਅਤੇ ਨੌਜਵਾਨਾਂ ਦਾ ਅੱਤਵਾਦ 'ਚ ਸ਼ਾਮਲ ਹੋਣ ਵਰਗੇ ਮਾਮਲੇ ਸਾਹਮਣੇ ਆਏ ਹਨ। ਨੈਸ਼ਨਲ ਕਾਫਰੰਸ, ਪੀ. ਡੀ. ਪੀ, ਭਾਜਪਾ ਅਤੇ ਕਾਂਗਰਸ ਸਮੇਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਚੋਣ ਬੈਠਕਾਂ ਕੀਤੀਆਂ। ਚੋਣ ਮੁਹਿੰਮ ਦੌਰਾਨ ਕੁਝ ਸਥਾਨਾਂ 'ਤੇ ਅੱਤਵਾਦੀ ਹਮਲਿਆਂ ਜਿਨ੍ਹਾਂ 'ਚ ਗ੍ਰਨੇਡ ਹਮਲਾ, ਚੋਣ ਪ੍ਰਚਾਰ ਸਮੱਗਰੀ ਲਿਜਾਣ ਵਾਲੇ ਵਾਹਨਾਂ ਨੂੰ ਅੱਗ ਲਗਾਉਣਾ ਆਦਿ ਘਟਨਾਵਾਂ ਸਾਹਮਣੇ ਆਈਆ ਹਨ।


author

Iqbalkaur

Content Editor

Related News