IT ਇੰਜੀਨੀਅਰ ਨੇ ਦੋਸਤਾਂ ਨਾਲ ਮਿਲ ਰਚੀ ਆਪਣੀ ਹੀ ਕਿਡਨੈਪਿੰਗ ਦੀ ਸਾਜਿਸ਼, ਇੰਝ ਖੁੱਲ੍ਹਿਆ ਭੇਤ

Tuesday, Sep 17, 2024 - 04:00 PM (IST)

ਨੋਇਡਾ (ਭਾਸ਼ਾ)- ਨੋਇਡਾ ਦੇ ਐਕਸਪ੍ਰੈੱਸ ਵੇਅ ਥਾਣਾ ਖੇਤਰ 'ਚ ਆਪਣੇ ਅਗਵਾ ਹੋਣ ਦੀ ਸਾਜਿਸ਼ ਰਚਣ ਵਾਲੇ ਇਕ ਆਈ.ਟੀ. ਇੰਜੀਨੀਅਰ ਨੂੰ ਉਸ ਦੇ 2 ਦੋਸਤਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਮਨੀਸ਼ ਕੁਮਾਰ ਮਿਸ਼ਰ ਨੇ ਦੱਸਿਆ ਕਿ ਇਕ ਆਈ.ਟੀ. ਕੰਪਨੀ 'ਚ ਇੰਜੀਨੀਅਰ ਵਜੋਂ ਕੰਮ ਕਰਨ ਵਾਲੇ ਨੌਜਵਾਨ ਸ਼ੁਭਮ ਗੌਰ ਦੇ ਮੋਬਾਇਲ ਫੋਨ ਤੋਂ ਉਸ ਦੇ ਪਰਿਵਾਰ ਨੂੰ ਤਿੰਨ ਦਿਨ ਪਹਿਲਾਂ ਫ਼ੋਨ ਆਇਆ ਕਿ ਉਸ ਨੂੰ ਮੇਵਾਤੀ ਗੈਂਗ ਨੇ ਅਗਵਾ ਕਰ ਲਿਆ ਹੈ ਅਤੇ ਅਗਵਾਕਰਤਾ ਨੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਮਿਸ਼ਰ ਨੇ ਦੱਸਿਆ ਕਿ ਸ਼ੁਭਮ ਦੇ ਪਰਿਵਾਰ ਨੇ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। 

ਉਨ੍ਹਾਂ ਦੱਸਿਆ ਕਿ ਪੁਲਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਸ਼ੁਭਮ ਦਾ ਟਿਕਾਣਾ ਹਰਿਆਣਾ ਦੇ ਰੇਵਾੜੀ ਰੇਲਵੇ ਸਟੇਸ਼ਨ ਆਇਆ ਅਤੇ ਫਿਰ ਉੱਥੋਂ ਪੁਲਸ ਨੇ ਉਸ ਨੂੰ ਬਰਾਮਦ ਕੀਤਾ। ਐਡੀਸ਼ਨਲ ਪੁਲਸ ਕਮਿਸ਼ਨ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਸ਼ੁਭਮ ਨੇ ਆਪਣੇ ਪਰਿਵਾਰ ਵਾਲਿਆਂ ਤੋਂ ਮੋਟੀ ਰਕਮ ਫਿਰੌਤੀ ਵਜੋਂ ਵਸੂਲਣ ਦੀ ਨੀਅਤ ਨਾਲ ਆਪਣੇ 2 ਸਾਥੀਆਂ- ਅੰਕਿਤ ਅਤੇ ਸੰਦੀਪ ਨਾਲ ਮਿਲ ਕੇ ਅਗਵਾ ਹੋਣ ਦੀ ਝੂਠੀ ਕਹਾਣੀ ਰਚੀ ਸੀ। ਪੁਲਸ ਦਾ ਕਹਿਣਾ ਹੈ ਕਿ ਸ਼ੁਭਮ ਦੇ ਪਿਤਾ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਹੈ, ਜਦੋਂ ਕਿ ਉਸ ਦੇ ਚਾਚੇ ਦਾ ਰੈਸਟੋਰੈਂਟ ਹੈ ਅਤੇ ਉਸ ਦੇ ਦਾਦਾ ਰਜਿਸਟ੍ਰਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਉਹ ਘਰ 'ਚ ਇਕਲੌਤਾ ਬੇਟਾ ਹੈ। ਮਿਸ਼ਰ ਨੇ ਦੱਸਿਆ ਕਿ ਸ਼ੁਭਮ ਨੂੰ ਉਮੀਦ ਸੀ ਕਿ ਉਸ ਦੇ ਪਰਿਵਾਰ ਵਾਲੇ ਉਸ ਦੇ ਅਗਵਾ ਹੋਣ ਦੀ ਸੂਚਨਾ 'ਤੇ ਫਿਰੌਤੀ ਵਜੋਂ 50 ਲੱਖ ਰੁਪਏ ਦੇ ਦੇਣਗੇ ਅਤੇ ਫਿਰ ਉਹ ਇਸ ਰਕਮ ਨਾਲ ਮੌਜ ਮਸਤੀ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News