ਨੌਜਵਾਨ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰਨ : ਸ਼ਾਹ
Tuesday, Aug 13, 2024 - 10:46 PM (IST)
ਅਹਿਮਦਾਬਾਦ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਇੱਥੇ ਭਾਜਪਾ ਦੀ ‘ਤਿਰੰਗਾ ਯਾਤਰਾ’ ਨੂੰ ਹਰੀ ਝੰਡੀ ਵਿਖਾਈ ਅਤੇ ਨੌਜਵਾਨਾਂ ਨੂੰ ਅੱਗੇ ਆ ਕੇ 2047 ਤੱਕ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ।
ਯਾਤਰਾ ਨੂੰ ਝੰਡੀ ਵਿਖਾਉਣ ਤੋਂ ਪਹਿਲਾਂ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ‘ਤਿਰੰਗਾ ਯਾਤਰਾ’ ਨੌਜਵਾਨਾਂ ’ਚ ਊਰਜਾ ਭਰਨ ਅਤੇ ਰਾਸ਼ਟਰ ਨਿਰਮਾਣ ਲਈ ਉਨ੍ਹਾਂ ਨੂੰ ਵਚਨਬੱਧ ਕਰਨ ਦਾ ਇਕ ਤਰੀਕਾ ਹੈ।
ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2 ਸਾਲ ਪਹਿਲਾਂ ਸ਼ੁਰੂ ਕੀਤੀ ਗਈ ‘ਹਰ ਘਰ ਤਿਰੰਗਾ’ ਮੁਹਿੰਮ ਨਾ ਸਿਰਫ ਦੇਸ਼ ਭਗਤੀ ਦਾ ਪ੍ਰਗਟਾਵਾ ਬਣ ਗਿਆ ਹੈ, ਸਗੋਂ 2047 ਤੱਕ ਭਾਰਤ ਨੂੰ ਇਕ ਮਹਾਨ ਅਤੇ ਵਿਕਸਤ ਰਾਸ਼ਟਰ ਬਣਾਉਣ ਦੇ ਸਾਡੇ ਸੰਕਲਪ ਦਾ ਪ੍ਰਤੀਕ ਵੀ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਦੇਸ਼ ਇਕ ਵਿਕਸਤ ਰਾਸ਼ਟਰ ਬਣਨ ਲਈ ਵਚਨਬੱਧ ਹੈ, ਤਾਂ ਨਾਗਰਿਕਾਂ, ਖਾਸ ਤੌਰ ’ਤੇ ਨੌਜਵਾਨਾਂ ਨੂੰ ਅੱਗੇ ਆ ਕੇ ਉਸ ਖੇਤਰ ’ਚ ਦੇਸ਼ ਨੂੰ ਅੱਵਲ ਬਣਾਉਣ ਦੇ ਉਦੇਸ਼ ਨਾਲ ਕੰਮ ਕਰਨ ਦੀ ਜ਼ਰੂਰਤ ਹੈ, ਜਿਸ ’ਚ ਉਹ ਕੰਮ ਕਰਦੇ ਹਨ।