ਹਰਿਆਣਾ ਦੇ ਸਾਰੇ ਅਗਨੀਵੀਰਾਂ ਨੂੰ ਦੇਵਾਂਗੇ ਪੈਨਸ਼ਨ ਵਾਲੀ ਸਰਕਾਰੀ ਨੌਕਰੀ : ਅਮਿਤ ਸ਼ਾਹ
Friday, Sep 27, 2024 - 10:59 PM (IST)
ਰੇਵਾੜੀ/ਲਾਡਵਾ/ਬਰਾੜਾ, (ਵਧਵਾ, ਸ਼ੈਲੇਂਦਰ, ਗੇਰਾ)– ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਜਨ ਆਸ਼ੀਰਵਾਦ ਰੈਲੀ ਵਿਚ ਕਿਹਾ ਕਿ ਹਰਿਆਣਾ ਦੀ ਧਰਤੀ ਤਿਆਗ, ਬਲੀਦਾਨ, ਬਹਾਦੁਰੀ, ਗਿਆਨ, ਅਧਿਆਤਮ ਤੇ ਗੀਤਾ ਦੀ ਧਰਤੀ ਹੈ। ਜੇ ਅੱਜ ਦੇਸ਼ ਦੀਆਂ ਹੱਦਾਂ ਸੁਰੱਖਿਅਤ ਹਨ ਤਾਂ ਇਸ ਵਿਚ ਹਰਿਆਣਾ ਦੀਆਂ ਮਾਵਾਂ ਦਾ ਅਹਿਮ ਯੋਗਦਾਨ ਹੈ, ਜੋ ਹਰਿਆਣਾ ਦਾ ਹਰ 10ਵਾਂ ਜਵਾਨ ਫੌਜ ਵਿਚ ਸੇਵਾ ਕਰਨ ਲਈ ਭੇਜਦੀਆਂ ਹਨ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਫਵਾਹਾਂ ਫੈਲਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਕਰਦੇ। ਕਾਂਗਰਸ ਅੱਜਕੱਲ ਇਹ ਭੁਲੇਖਾ ਫੈਲਾਅ ਰਹੀ ਹੈ ਕਿ ਅਗਨੀਵੀਰ ਬਣ ਕੇ ਫੌਜ ’ਚੋਂ ਵਾਪਸ ਆਏ ਬੱਚਿਆਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਜਾਵੇਗਾ ਪਰ ਅੱਜ ਅਸੀਂ ਵਾਅਦਾ ਕਰਦੇ ਹਾਂ ਕਿ ਹਰਿਆਣਾ ’ਚ ਹਰ ਅਗਨੀਵੀਰ ਨੂੰ ਪੈਨਸ਼ਨ ਵਾਲੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਹਰਿਆਣਾ ’ਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਵਧ ਜਾਂਦੀ ਸੀ ਪਰ ਭਾਜਪਾ ਦੀ ਸਰਕਾਰ ਬਣਦਿਆਂ ਹੀ ਪੂਰੇ ਹਰਿਆਣਾ ਵਿਚ ਭ੍ਰਿਸ਼ਟਾਚਾਰ ਦਾ ਖਾਤਮਾ ਹੋ ਗਿਆ। ਕਾਂਗਰਸ ਦੀ ਸਰਕਾਰ ਕੱਟ, ਕਮਿਸ਼ਨ ਤੇ ਕਰੱਪਸ਼ਨ ਨਾਲ ਚੱਲਦੀ ਸੀ ਜਿੱਥੇ ਡੀਲਰਾਂ, ਦਲਾਲਾਂ ਤੇ ਜਵਾਈਆਂ ਦਾ ਰਾਜ ਚੱਲਦਾ ਸੀ ਪਰ ਭਾਜਪਾ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਕਰਨ ਵਾਲੇ ਡੀਲਰਾਂ, ਦਲਾਲਾਂ ਤੇ ਕਾਂਗਰਸੀ ਜਵਾਈਆਂ ਨੂੰ ਖਤਮ ਕਰ ਦਿੱਤਾ।
ਰਾਹੁਲ ਕਸ਼ਮੀਰ ਵਿਚ ਕਹਿ ਕੇ ਆਏ ਹਨ ਕਿ ਉਹ ਧਾਰਾ-370 ਵਾਪਸ ਲਿਆਉਣਗੇ ਪਰ ਰਾਹੁਲ ਤਾਂ ਕੀ, ਉਨ੍ਹਾਂ ਦੀ ਤੀਜੀ ਪੀੜ੍ਹੀ ਵੀ ਧਾਰਾ-370 ਵਾਪਸ ਨਹੀਂ ਲਿਆ ਸਕਦੀ।
ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਐੱਮ. ਐੱਸ. ਪੀ. ਦੀ ਫੁਲ ਫਾਰਮ ਵੀ ਨਹੀਂ ਪਤਾ। ਕਾਂਗਰਸ ਇਹ ਦੱਸੇ ਕਿ ਉਹ ਆਪਣੀ ਸਰਕਾਰ ਵਾਲੇ ਕਿਨ੍ਹਾਂ ਸੂਬਿਆਂ ਵਿਚ ਫਸਲਾਂ ਐੱਮ. ਐੱਸ. ਪੀ. ’ਤੇ ਖਰੀਦ ਰਹੀ ਹੈ?