ਮੋਦੀ ਦੁਬਾਰਾ ਪੀ.ਐੱਮ. ਬਣੇ ਤਾਂ ਆਸਾਮ ਤੋਂ ਘੁਸਪੈਠੀਏ ਹੋਣਗੇ ਬਾਹਰ : ਅਮਿਤ ਸ਼ਾਹ
Thursday, Mar 28, 2019 - 05:11 PM (IST)

ਕਲੀਆਬੋਰ— ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵੀਰਵਾਰ ਨੂੰ ਆਸਾਮ ਦੇ ਕਲੀਆਬੋਰ 'ਚ ਰੈਲੀ ਨੂੰ ਸੰਬੋਧਨ ਕਰਨ ਪੁੱਜੇ। ਆਪਣੇ ਸੰਬੋਧਨ ਦੀ ਸ਼ੁਰਆਤ 'ਚ ਸ਼ਾਹ ਨੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਮਾਨੇਸਵਰ ਬਾਸੁਮਤਾਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਆਸਾਮ ਗਣ ਪ੍ਰੀਸ਼ਦ, ਭਾਜਪਾ ਅਤੇ ਬੋਡੋਲੈਂਡ ਪਾਰਟੀ ਆਸਾਮ ਦੀਆਂ ਸਾਰੀਆਂ 14 ਸੀਟਾਂ ਜਿੱਤੇਗੀ। ਸ਼ਾਹ ਨੇ ਇਹ ਵੀ ਵਾਅਦਾ ਕੀਤਾ ਕਿ ਜੇਕਰ ਨਰਿੰਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣੇ ਤਾਂ ਹਰ ਘੁਸਪੈਠੀਏ ਨੂੰ ਆਸਾਮ ਤੋਂ ਬਾਹਰ ਕਰ ਦਿੱਤਾ ਜਾਵੇਗਾ।
ਐੱਨ.ਡੀ.ਏ. ਦਾ ਗਠਜੋੜ 14 ਸੀਟਾਂ ਜਿੱਤੇਗਾ
ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਅਮਿਤ ਸ਼ਾਹ ਨੇ ਕਿਹਾ,''ਚੋਣਾਂ 'ਚ 2 ਧਿਰ ਸਪੱਸ਼ਟ ਵੰਡੇ ਹੋਏ ਹਨ। ਇਕ ਰਾਹੁਲ ਬਾਬਾ ਦੀ ਅਗਵਾਈ 'ਚ ਗਠਜੋੜ ਬਣਿਆ ਹੈ। ਕੁਝ ਤਾਂ ਐਲਾਨ ਗਠਜੋੜ ਹਨ ਅਤੇ ਕੁਝ ਲੋਕ ਚੋਰੀ ਗਠਜੋੜ ਨਾਲ ਹਨ। ਦੂਜੇ ਪਾਸੇ ਨਰਿੰਦਰ ਮੋਦੀ ਦੀ ਅਗਵਾਈ 'ਚ ਐੱਨ.ਡੀ.ਏ. ਦਾ ਗਠਜੋੜ ਇਸ ਦੇਸ਼ ਦੀ ਸੇਵਾ ਲਈ ਤਿਆਰ ਹੈ। ਆਸਾਮ 'ਚ ਐੱਨ.ਡੀ.ਏ. ਦਾ ਗਠਜੋੜ 14 ਦੀਆਂ 14 ਸੀਟਾਂ ਜਿੱਤੇਗਾ।''
ਮਨਮੋਹਨ ਸਿੰਘ 'ਤੇ ਬੋਲਿਆ ਹਮਲਾ
ਸ਼ਾਹ ਨੇ ਕਿਹਾ,''ਤੁਸੀਂ ਤੈਅ ਕਰਨਾ ਹੈ ਕਿ ਮੋਦੀ ਜੀ ਵਰਗਾ ਮਜ਼ਬੂਤ ਨੇਤਾ ਜਿਤਾਉਣਾ ਹੈ ਜਾਂ ਅਜਿਹੇ ਗਠਜੋੜ ਨੂੰ ਜਿਤਾਉਣਾ ਹੈ, ਜਿਨ੍ਹਾਂ ਦਾ ਕੋਈ ਨੇਤਾ ਹੀ ਨਹੀਂ ਹੈ। ਦੇਸ਼ ਦੀ ਜਨਤਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਫਿਰ ਤੋਂ ਇਕ ਵਾਰ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ। ਆਸਾਮ 'ਚ 14 ਸੀਟਾਂ 'ਤੇ ਐੱਨ.ਡੀ.ਏ. ਦੀ ਕੋਈ ਪਾਰਟੀ ਲੜਦੀ ਹੋਵੇ, ਸਾਰੇ ਵਰਕਰ ਜਿਤਾਉਣ ਦਾ ਕੰਮ ਕਰਨ।'' ਮਨਮੋਹਨ ਸਿੰਘ 'ਤੇ ਹਮਲਾ ਕਰਦੇ ਹੋਏ ਸ਼ਾਹ ਨੇ ਕਿਹਾ,''ਆਜ਼ਾਦੀ ਨੂੰ 70 ਸਾਲ ਤੋਂ ਵਧ ਦਾ ਸਮਾਂ ਹੋ ਗਿਆ ਪਰ ਆਸਾਮ ਦੇ ਵਿਕਾਸ ਲਈ ਕਾਂਗਰਸ ਨੇ ਕੁਝ ਨਹੀਂ ਕੀਤਾ। ਤੁਸੀਂ ਇੱਥੋਂ ਮਨਮੋਹਨ ਸਿੰਘ ਜੀ ਨੂੰ ਜਿਤਾ ਕੇ ਭੇਜਿਆ, ਉਹ 20 ਸਾਲ ਰਾਜ ਸਭਾ ਦੇ ਸੰਸਦ ਮੈਂਬਰ ਰਹੇ, 10 ਸਾਲ ਪ੍ਰਧਾਨ ਮੰਤਰੀ ਰਹੇ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮਨਮੋਹਨ ਆਪਣੇ 20 ਸਾਲ ਦੇ ਕੰਮ ਦਾ ਹਿਸਾਬ ਲੈ ਕੇ ਆਉਣ ਅਤੇ ਸਾਡਾ ਵਰਕਰ ਮੋਦੀ ਜੀ ਦੇ 5 ਸਾਲ ਦੇ ਕੰਮ ਦਾ ਹਿਸਾਬ ਲੈ ਕੇ ਆ ਜਾਵੇਗਾ, ਤੁਲਨਾ ਕਰ ਲਵੋ।''
ਆਸਾਮ ਦੇ ਵਿਕਾਸ ਲਈ 2.94 ਲੱਖ ਕਰੋੜ ਦਿੱਤੇ
ਸ਼ਾਹ ਨੇ ਕਿਹਾ,''ਕਾਂਗਰਸ ਪਾਰਟੀ ਨੇ ਘੁਸਪੈਠੀਆਂ ਨੂੰ ਭਾਰਤ 'ਚ ਆਉਣ ਦਿੱਤਾ ਪਰ ਸਾਡੇ ਨੇਤਾਵਾਂ ਸਰਬਾਨੰਦ ਸੋਨੋਵਾਲ ਅਤੇ ਹੇਮੰਤ ਬਿਸਵ ਸ਼ਰਮਾ ਨੇ ਘੁਸਪੈਠੀਆਂ ਨੂੰ ਉਖਾੜ ਦਿੱਤਾ ਅਤੇ ਜ਼ਮੀਨ ਨੂੰ ਖਾਲੀ ਕਰਵਾਇਆ।'' ਸ਼ਾਹ ਨੇ ਕਿਹਾ ਕਿ ਅਸੀਂ ਆਪਣੀ ਸਰਹੱਦ ਨੂੰ ਪੂਰੀ ਤਰ੍ਹਾਂ ਸੁਰੱਖਿਆ ਕੀਤਾ ਪਰ ਯੂ.ਪੀ.ਏ. ਸਰਕਾਰ 'ਚ ਅਜਿਹਾ ਨਹੀਂ ਹੁੰਦਾ ਸੀ। ਮੋਦੀ ਸਰਕਾਰ ਨੇ ਆਸਾਮ ਦੇ ਵਿਕਾਸ ਲਈ 2.94 ਲੱਖ ਕਰੋੜ ਰੁਪਏ ਦਿੱਤੇ।
ਤਰੁਣ ਗੋਗੋਈ ਅਤੇ ਅਜ਼ਮਲ ਦਰਮਿਆਨ ਹੁੰਦਾ ਇਲੂ-ਇਲੂ
ਤਰੁਣ ਗੋਗੋਈ 'ਤੇ ਨਿਸ਼ਾਨਾ ਸਾਧਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਦਿਨ 'ਚ ਤਰੁਣ ਗੋਗੋਈ ਅਤੇ ਬਕਰੂਦੀਨ ਅਜ਼ਮਲ ਆਹਮਣੇ-ਸਾਹਮਣੇ ਲੜਦੇ ਹਨ ਪਰ ਰਾਤ ਨੂੰ ਦੋਹਾਂ ਦਰਮਿਆਨ ਇਲੂ-ਇਲੂ ਹੁੰਦਾ ਹੈ। ਆਪਣੇ ਬੇਟੇ ਨੂੰ ਜਿਤਾਉਣ ਲਈ ਤਰੁਣ ਗੋਗੋਈ ਇੰਨੀਂ ਦਿਨੀਂ ਅਜ਼ਮਲ ਦੇ ਪੈਰਾਂ 'ਤੇ ਡਿੱਗ ਪਏ ਹਨ।